Taking care of Corona positive baby : ਮਦਰਸ ਡੇ ਬਹੁਤ ਹੀ ਖਾਸ ਹੁੰਦਾ ਹੈ ਕਿਉਂਕਿ ਮਾਂ ਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਆਪਣੇ ਬੱਚੇ ਦੇ ਸੁੱਖ ਲਈ ਆਪਣਾ ਆਪ ਤੱਕ ਵਾਰ ਦਿੰਦੀ ਹੈ। ਇਸੇ ਤਰ੍ਹਾਂ ਦੀ ਇਕ ਵਿਲੱਖਣ ਕਹਾਣੀ ਸਾਹਮਣੇ ਆਈ ਪਟਿਆਲਾ ਤੋਂ 35 ਸਾਲਾ ਮਾਂ ਮੋਨਿਕਾ ਦੀ ਜੋ ਕਿ ਰਾਜਪੁਰਾ ਦੀ ਰਹਿਣ ਵਾਲੀ ਹੈ ਅਤੇ 10 ਸਾਲਾਂ ਦੇ ਦੋ ਪੁੱਤਰਾਂ ਅਤੇ 2 ਸਾਲਾ ਇਕ ਧੀ ਦੀ ਮਾਂ ਹੈ। ਦੱਸਣਯੋਗ ਹੈ ਕਿ ਉਸ ਦੀ ਦੋ ਸਾਲਾ ਧੀ ਨਿਤਾਰਾ ਦੀ ਦੋ ਹਫਤੇ ਪਹਿਲਾਂ ਰਿਪੋਰਟ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾ ਕੇ ਆਈਸੋਲੇਸ਼ਨ ਵਾਰਡ ਵਿਚ ਰਖਿਆ ਹੋਇਆ ਸੀ।
ਪਰ ਉਸ ਦੀ ਮਾਂ ਮੋਨਿਕਾ ਨੇ ਆਪਣੀ ਬੇਟੀ ਨੂੰ ਇਕੱਲੇ ਛੱਡਣ ਦੀ ਬਜਾਏ ਉਸ ਦੇ ਨਾਲ ਰਹਿ ਰਹੀ ਹੈ ਅਤੇ ਪੀਪੀਈ ਦੀਆਂ ਪੂਰੀਆਂ ਕਿੱਟਾਂ ਪਹਿਨ ਕੇ ਉਸ ਦੀ ਦੇਖਭਾਲ ਕਰ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਕ ਡਾਕਟਰ ਹੀ ਭਲੀਭਾਂਤ ਦੱਸ ਸਕਦਾ ਹੈ ਕਿ ਕੁਝ ਘੰਟਿਆਂ ਲਈ ਵੀ ਇਸ ਕਿਸਮ ਦੇ ਰੱਖਿਆਤਮਕ ਸਾਜ਼ੋ-ਸਾਮਾਨ ਨਾਲ ਕੰਮ ਕਰਨਾ ਕਿੰਨਾ ਔਖਾ ਹੈ ਪਰ ਇਹ ਬਹਾਦਰ ਮਾਂ ਨੇ 2 ਹਫਤਿਆਂ ਤੋਂ ਵੱਧ ਸਮੇਂ ਲਈ ਆਪਣੀ ਧੀ ਲਈ 24 ਘੰਟੇ ਇਹ ਪੀਪੀਈ ਕਿੱਟ ਪਹਿਨ ਕੇ ਉਸ ਦੀ ਦੇਖਬਾਲ ਕੀਤੀ ਹੈ।
ਇਸ ਕਿੱਟ ਨੂੰ 24 ਘੰਟਿਆਂ ਵਿਚ ਇਕ ਵਾਰ ਬਦਲਣ ਦਾ ਮੌਕਾ ਮਿਲਦਾ ਹੈ। ਮੋਨਿਕਾ ਨੇ ਟੈਲੀਫੋਨ ਰਾਹੀਂ ਗੱਲਬਾਤ ਵਿਚ ਦੱਸਦਿਆਂ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਉਸ ਨੂੰ ਪੀਪੀਈ ਕਿਟ ਪਹਿਨ ਕੇ ਪਸੀਨਾ ਆਉਣਾ, ਅੱਖਾਂ ਦੇ ਸੁਰੱਖਿਆ ਉਪਕਰਨ ਦਾ ਧੁੰਦਲਾ ਹੋਣਾ, ਚਿਹਰੇ ਦੇ ਮਾਸਕ ਦੇ ਦੁਆਲੇ ਤਣੀਆਂ ਦੀ ਖਿੱਚ ਦਾ ਦਬਾਅ ਆਦਿ ਕੁਝ ਸਮੱਸਿਆਵਾਂ ਆਦਿ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਹਿੰਮਤ ਨਾ ਹਾਰਦੇ ਹੋਏ ਇਹ ਮਾਂ ਆਪਣੇ ਬੱਚੇ ਲਈ ਸਭ ਕੁਝ ਸਹਿਣ ਕਰ ਰਹੀ ਹੈ। ਇਸ ਬਹਾਦਰ ਤੇ ਵੱਡੇ ਜਿਗਰੇ ਵਾਲੀ ਮਾਂ ਨੂੰ ਇਸ ਮਦਰਸ ਡੇ ’ਤੇ ਸਲਾਮ ਹੈ।