Teachers rejects Centre NEP-2020 : ਸੰਗਰੂਰ : ਅੱਜ ਅਧਿਆਪਕ ਦਿਵਸ ਮੌਕੇ “ਅਧਿਆਪਕਾਂ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਰੱਦ” ਮੁਹਿੰਮ ਸ਼ੁਰੂ ਕੀਤੀ ਗਈ। ਇਸ ਅਧੀਨ ਕੇਂਦਰ ਸਰਕਾਰ ਵੱਲੋਂ ਜਾਰੀ ਰਾਸ਼ਟਰੀ ਸਿੱਖਿਆ ਨੀਤੀ-2020 ਵਿਰੁੱਧ ਵੱਡੀ ਗਿਣਤੀ ਅਧਿਆਪਕਾਂ ਨੇ ਵੱਖ-ਵੱਖ ਥਾਵਾਂ ‘ਤੇ ਹੱਥਾਂ ਵਿੱਚ ਸਿੱਖਿਆ ਨੀਤੀ ਦੇ ਵਿਰੋਧ ‘ਚ ਤਖਤੀਆਂ ਫੜ ਕੇ ਰੋਸ ਪ੍ਰਗਟਾਇਆ।
ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਵੱਲੋਂ ਆਲ ਇੰਡੀਆ ਸਿੱਖਿਆ ਅਧਿਕਾਰ ਮੰਚ ਦੇ ਸੱਦੇ ਤਹਿਤ ਸੰਗਰੂਰ ਜਿਲ੍ਹੇ ਵਿੱਚ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਅਧਿਆਪਕ ਆਗੂਆਂ ਨੇ ਇਸ ਨਵੀਂ ਨੀਤੀ ਰਾਹੀਂ ਜਮਹੂਰੀ ਸਿੱਖਿਆ ਪ੍ਰਬੰਧ, ਬਹੁਪੱਖੀ ਸੱਭਿਆਚਾਰ ਦੀ ਮਾਨਤਾ, ਧਰਮ-ਨਿਰਪੱਖਤਾ ਅਤੇ ਆਧੁਨਿਕ ਵਿਗਿਆਨਕ ਸੋਚ ਸਮੇਤ ਅਗਾਂਹਵਧੂ ਵਿਚਾਰਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦਿੰਦੇ ਹੋਏ ਕੇਂਦਰੀਕਰਨ ਦੀ ਨੀਤੀ ਨੂੰ ਅੱਗੇ ਵਧਾਉਂਦਿਆਂ ਕੇਂਦਰੀ ਸੰਗਠਨਾਂ ਨੂੰ ਹੋਰ ਵਧੇਰੇ ਫੈਸਲਾਕੁੰਨ ਬਣਾਇਆ ਜਾ ਰਿਹਾ ਹੈ।
ਇਸ ਸਿੱਖਿਆ ਨੀਤੀ ਅਨੁਸਾਰ ਕੋਵਿਡ-19 ਦੀ ਆੜ ਵਿੱਚ ਸਿਲੇਬਸ ਘਟਾਉਣ ਦੇ ਨਾਂ ਹੇਠ ਵਿਭਿੰਨਤਾ, ਲੋਕਤੰਤਰ, ਰਾਸ਼ਟਰਵਾਦ ਅਤੇ ਮਨੁੱਖੀ ਹੱਕਾਂ ਵਰਗੇ ਜਰੂਰੀ ਵਿਸ਼ਿਆਂ ਨੂੰ ਪੁਸਤਕਾਂ ਵਿੱਚੋਂ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਨਿੱਜੀਕਰਨ ਦੀ ਨੀਤੀ ਤਹਿਤ ਸਕੂਲਾਂ ਦੀ ਮਰਜਿੰਗ ਰਾਹੀਂ ਨੇਪਰੇ ਚਾੜਣ ਲਈ ‘ਕੰਪਲੈਕਸ ਸਕੂਲ’ ਦਾ ਸੰਕਲਪ ਲਿਆਂਦਾ ਗਿਆ ਹੈ। ਨੌਕਰੀਆਂ ਅਤੇ ਨਾਂਮਾਤਰ ਤਨਖਾਹਾਂ ’ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ ‘ਤੇ ਵਲੰਟੀਅਰਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਬਾਰੇ ਕੋਈ ਫੈਸਲਾ ਨਹੀਂ ਦਿੱਤਾ ਗਿਆ।
ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਥਾਂ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਰਾਹੀਂ ਵੱਡੀਆਂ ਬਹੁ ਅਨੁਸ਼ਾਸ਼ਨੀ ਸੰਸਥਾਵਾਂ ਖੋਲਣ ਦੇ ਫੈਸਲੇ ਕਰਕੇ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਲੁੱਟ ਦਾ ਰਾਹ ਹੋਰ ਪੱਧਰਾ ਕਰ ਦਿੱਤਾ ਗਿਆ ਹੈ। ਜਿਸ ਕਾਰਨ ਅਧਿਆਪਕ ਵਰਗ ਵੱਲੋਂ ਇਸ ਸਿੱਖਿਆ ਨੀਤੀ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਨੀਤੀ ਨੂੰ ਨਿੱਜੀਕਰਨ, ਵਪਾਰੀਕਰਨ, ਕੇਂਦਰੀਕਰਨ, ਸਾਮਰਾਜੀਕਰਨ ਅਤੇ ਭਗਵਾਂਕਰਨ ਕਰਾਰ ਦਿੱਤਾ।