Ten New Cases of Corona : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਚੰਜੀਗੜ੍ਹ ਵਿਚ ਕੋਰੋਨਾ ਦੇ ਨਵੇਂ 10 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਛੇ ਮਰਦ ਅਤੇ ਚਾਰ ਔਰਤਾਂ ਸ਼ਾਮਲ ਹਨ। ਇਹ ਨਵੇਂ ਮਾਮਲੇ ਸੈਕਟਰ-32, ਸੈਕਟ-19, ਸੈਕਟਰ-45, ਸੈਕਟਰ-63 ਅਤੇ ਸੈਕਟਰ-7 ਤੋਂ ਮਿਲੇ ਹਨ। ਇਸ ਦੇ ਨਾਲ ਹੀ ਹੁਣ ਚੰਡੀਗੜ੍ਹ ਸ਼ਹਿਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 559 ਹੋ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਕਰਕੇ ਹੁਣ ਤੱਕ ਸ਼ਹਿਰ ਵਿਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਕੋਰੋਨਾ ਦੇ 134 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਥੇ ਹੀ ਅੱਜ 4 ਕੋਰੋਨਾ ਪੀੜਤਾਂ ਨੂੰ ਠੀਕ ਹੋਣ ’ਤੇ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਸ਼ਹਿਰ ਵਿਚ ਕੋਰੋਨਾ ਦੇ 13 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਸੈਕਟਰ-44 ਦੇ ਇਕੋ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਇਸ ਤੋਂ ਇਲਾਵਾ ਸੈਕਟਰ-52, ਸੈਕਟਰ-37, ਸੈਕਟਰ-52, ਸੈਕਟਰ-50, ਸੈਕਟਰ-35, ਸੈਕਟਰ-32 ਤੋਂ ਮਾਮਲੇ ਸਾਹਮਣੇ ਆਏ ਸੀ। ਪੀਜੀਆਈ ਵਿਚ ਵੀ ਇਕ 20 ਸਾਲਾ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਬੀਤੇ ਦਿਨ ਸ਼ਹਿਰ ਵਿਚ ਕੋਰੋਨਾ ਤੋਂ ਪੀੜਤ ਇਕ ਮਰੀਜ਼ ਨੇ ਗੌਰਮੈਂਟ ਮਲਟੀ ਸਪੈਸ਼ਿਲਟੀ ਹਾਸਪੀਟਲ (ਜੀਐਮਐਸਐਚ-16) ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।
ਦੱਸਣਯੋਗ ਹੈ ਕਿ ਅੱਜ ਮੋਹਾਲੀ ਵਿਚ ਵੀ ਕੋਰੋਨਾ ਦੇ 26 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਨਯਾਗਾਂਵ, ਜ਼ੀਰਕਪੁਰ, ਖਰੜ, ਡੇਰਾਬੱਸੀ, ਸੋਹਾਨਾ ਨਾਲ ਸਬੰਧਤ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ।