Terrible fire broke out in : ਜਲੰਧਰ ਦੀ ਸ਼ਹੀਦ ਭਗਤ ਸਿੰਘ ਕਾਲੋਨੀ ਵਿੱਚ ਵੀਰਵਾਰ ਸਵੇਰੇ ਇੱਕ ਤੋਂ ਬਾਅਦ ਇੱਕ 6 ਗੈਸ ਸਿਲੰਡਰ ਫਟਣ ਕਾਰਨ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਝੁੱਗੀਆਂ ਵਿਚ ਰਹਿੰਦੇ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ। ਅੱਗ ਲੱਗਣ ਕਾਰਨ ਉਥੇ ਬਣੀਆਂ ਲਗਭਗ 50 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।
ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਸਿਲੰਡਰ ਫਟਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪੁਲਿਸ ਅਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਹਾਦਸੇ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ। ਝੁੱਗੀ ਝੌਂਪੜੀ ਵਾਲਿਆਂ ਅਨੁਸਾਰ ਜਿਵੇਂ ਹੀ ਧਮਾਕਾ ਹੋਇਆ, ਉਹ ਸਾਰਾ ਸਮਾਨ ਉਸੇ ਜਗ੍ਹਾ ਛੱਡ ਕੇ ਬਾਹਰ ਵੱਲ ਭੱਜੇ, ਜਿਸ ਕਾਰਨ ਅੰਦਰ ਅੱਗ ਲੱਗਣ ਨਾਲ ਬਾਕੀ ਸਿਲੰਡਰਾਂ ਨੇ ਵੀ ਅੱਗ ਫੜ ਲਈ। ਕੁਝ ਸਿਲੰਡਰਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ।
ਧਮਾਕੇ ਕਾਰਨ ਕਿਸੇ ਅਣਸੁਖਾਵੀਂ ਸਥਿਤੀ ਦੀ ਸੰਭਾਵਨਾ ਨੂੰ ਵੇਖਦੇ ਹੋਏ ਲੋਕ ਬਾਹਰ ਆ ਗਏ, ਉਨ੍ਹਾਂ ਦੀਆਂ ਬਾਈਕਾਂ, ਸਾਈਕਲ, ਬਿਸਤਰੇ, ਕਿਤਾਬਾਂ ਅਤੇ ਝੁੱਗੀਆਂ ਵਿਚ ਪਿਆ ਘਰੇਲੂ ਸਮਾਨ ਵੀ ਅੱਗ ਕਾਰਨ ਸੜ ਕੇ ਸੁਆਹ ਹੋ ਗਿਆ। ਫਿਲਹਾਲ ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।