Terrible fire in the cotton : ਫਾਜ਼ਿਲਕਾ : ਪੰਜਾਬ ਵਿੱਚ ਲੋਕਾਂ ਵੱਲੋਂ ਦੀਵਾਲੀ ਦੇ ਚੱਲਦਿਆਂ ਐਤਵਾਰ-ਸੋਮਵਾਰ ਦੀ ਰਾਤ ਨੂੰ ਖੂਬ ਪਟਾਕੇ ਚਲਾਏ ਗਏ ਅਤੇ ਸੂਬੇ ਵਿੱਚ ਪਟਾਕਿਆਂ ਕਾਰਨ ਅੱਗ ਲੱਗਣ ਦੇ ਕਈ ਮਾਮਲੇ ਸਾਹਮਣੇ ਆਏ। ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਖੇ ਬਾਂਸਲ ਕਪਾਹ ਫੈਕਟਰੀ ਵਿੱਚ ਵੀ ਅੱਜ ਸਵੇਰੇ 4 ਵਜੇ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਫੈਕਟਰੀ ਦੇ ਕੰਪਲੈਕਸ ਵਿੱਚ ਪਈ ਕਾਟਨ ਵਿੱਚ ਪਟਾਕਿਆਂ ਦੀ ਚੰਗਿਆੜੀ ਡਿੱਗੇ ਜਾਣਾ ਦੱਸਿਆ ਜਾ ਰਿਹਾ ਹੈ। ਅੱਗ ਇੰਨੀ ਭਿਆਨਕ ਸੀ ਕਿ ਉਸ ‘ਤੇ ਕਾਬੂ ਪਾਉਣਾ ਔਖਾ ਹੋ ਰਿਹਾ ਸੀ, ਜਿਸ ਦੇ ਚੱਲਦਿਆਂ ਅਬੋਹਰ, ਫਾਜ਼ਿਲਕਾ ਅਤੇ ਮਲੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 4 ਵਜੇ ਸੂਚਨਾ ਮਿਲੀ ਕਿ ਬਾਂਸਲ ਕਪਾਹ ਫੈਕਟਰੀ ਵਿਚ ਅੱਗ ਲੱਗੀ ਹੈ। ਅੱਗ ‘ਤੇ ਕਾਬੂ ਪਾਉਣ ਲਈ ਜੇਸੀਬੀ ਮਸ਼ੀਨ ਮੰਗਵਾ ਕੇ ਕਪਾਹ ਦੀਆਂ ਗੱਠਾਂ ਵੱਖ ਕਰ ਦਿੱਤੀਆਂ ਗਈਆਂ। ਅਜੇ ਤੱਕ ਅੱਗ ਲੱਗਣ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਨਹੀਂ ਲਗ ਸਕਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪੁਰਾਣੀ ਫਾਜ਼ਿਲਕਾ ਰੋਡ ‘ਤੇ ਇਕ ਸ਼ਹਿਰੀ ਖੇਤਰ ਵਿਚ ਬਾਂਸਲ ਇੰਡਸਟਰੀਜ਼ ਵਿਚ ਕਪਾਹ ਦੀ ਫੈਕਟਰੀ ਵਿੱਚੋਂ ਲੋਕਾਂ ਨੇ ਧੂੰਆਂ ਨਿਕਲਦਾ ਦੇਖਿਆ। ਮੰਨਿਆ ਜਾ ਰਿਹਾ ਹੈ ਕਿ ਅੱਗ ਇਕ ਪਟਾਕੇ ਕਾਰਨ ਲੱਗੀ ਸੀ ਜੋ ਇਕ ਨਿੱਜੀ ਵਿਹੜੇ ਵਿੱਚ ਡਿੱਗੀ ਸੀ। ਸਟਾਫ ਨੇ ਤੁਰੰਤ ਫੈਕਟਰੀ ਮਾਲਕ ਨਰੇਸ਼ ਪਾਲ ਬਾਂਸਲ ਨੂੰ ਸੂਚਿਤ ਕੀਤਾ, ਜਿਸ ਨੇ ਉਸ ਸਮੇਂ ਫਾਇਰ ਬ੍ਰਿਗੇਡ ਬੁਲਾਇਆ ਸੀ। ਕਥਿਤ ਤੌਰ ‘ਤੇ ਪਹਿਲੀਆਂ ਗੱਡੀਆਂ 15 ਮਿੰਟਾਂ ਦੇ ਅੰਦਰ-ਅੰਦਰ ਪਹੁੰਚ ਗਈਆਂ ਪਰ ਅੱਗ ਦੀ ਗੰਭੀਰਤਾ ਦਾ ਪਤਾ ਲਗਾਉਂਦੇ ਹੋਏ ਤੇਜ਼ੀ ਨਾਲ ਫੈਲ ਰਹੀ, ਇਕ ਹੋਰ ਫਾਇਰ ਟੈਂਡਰ ਇਥੋਂ ਲਗਭਗ 32 ਕਿਲੋਮੀਟਰ ਦੂਰ ਫਾਜ਼ਿਲਕਾ ਤੋਂ ਮੰਗਵਾਇਆ ਗਿਆ।
ਦੱਸਣਯੋਗ ਹੈ ਕਿ ਪਟਾਕਿਆਂ ਅੱਜ ਤੜਕੇ ਅੰਮ੍ਰਿਤਸਰ ਵਿੱਚ ਇੱਕ ਅੰਮ੍ਰਿਤਸਰ ਵਿੱਚ ਇੱਕ ਤਿੰਨ ਮੰਜ਼ਿਲਾ ਹਾਰਡਵੇਅਰ , ਬਠਿੰਡਾ ਵਿੱਚ ਇੱਕ ਗਿਫਟ ਹਾਊਸ ਅਤੇ ਮੋਗਾ ਦੇ ਬਾਘਾਪੁਰਾਣਾ ਵਿੱਚ ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ ਇੱਕ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ, ਜਿਸ ਨਾਲ ਤਿੰਨੋਂ ਥਾਵਾਂ ’ਤੇ ਭਾਰੀ ਨੁਕਸਾਨ ਹੋਇਆ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਟਾਕੇ ਚਲਾਉਣ ਲਈ ਸਿਰਫ ਦੋ ਘੰਟੇ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਬੀਤੀ ਰਾਤ ਕਾਫੀ ਥਾਵਾਂ ‘ਤੇ ਪਟਾਕੇ ਚਲਾਏ ਗਏ।