Tewari calls for revision of PLPA : ਚੰਡੀਗੜ੍ਹ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਸਰਕਾਰ ਅੱਗੇ ਆਪਣੇ ਲੋਕ ਸਭਾ ਹਲਕੇ ’ਚ ਪੰਜਾਬ ਲੈਂਡ ਪ੍ਰਜ਼ਰਵੇਸ਼ਨ ਐਕਟ (PLPA) 1900 ’ਚ ਸੋਧ ਕਰਨ ਦੀ ਮੰਗ ਕੀਤੀ ਹੈ, ਜਿਸ ਵਿਚ ਸੂਬਾ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਕੰਢੀ ਏਰੀਆ ਨੂੰ ਜੰਗਲਾਤ ਭੂਮੀ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਹਲਕੇ ਵਾਲੇ ਜ਼ਿਲ੍ਹੇ ਵਿਚ ਸੋਲਰ ਪਾਰਕਾਂ ਦੀ ਸਥਾਪਨਾ ਵਿਚ ਰੁਕਾਵਟ ਬਣ ਸਕਦਾ ਹੈ, ਜਿਸ ਨਾਲ ਇਕ ਵੱਡੇ ਖੇਤਰ ਦਾ ਉਦਯੋਗਾਂ ਲਈ ਇਸਤੇਮਾਲ ਨਹੀਂ ਹੋ ਸਕੇਗਾ।
ਸੰਸਦ ਮੈਂਬਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ’ਚ ਸੋਲਰ ਪਾਰਕਾਂ ਦੀ ਸਥਾਪਨਾ ਦਾ ਪ੍ਰਸਤਾਵ ਰਖਿਆ ਸੀ, ਜਿਸ ਵਿਚ ਵਿਸ਼ਾਲ ਕੰਢੀ (ਬਰਨੀ ਜ਼ਮੀਨ ਹੈ)। ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਇਸ ਵਿਚੋਂ ਵਧੇਰੇ ਜ਼ਮੀਨ ਕਿਸੇ ਵਣਜ ਜਾਂ ਉਦਯੋਗਿਕ ਉਦੇਸ਼ ਲਈ ਨਹੀਂ ਵਰਤੀ ਜਾ ਸਕਦੀ ਕਿਉਂਕਿ ਕੌਮੀ ਜੰਗਲਾਤ ਨੀਤੀ ਮੁਤਾਬਕ ਪ੍ਰਤੀ ਸੂਬਾ ਵਣ ਖੇਤਰ ਦੇ 33 ਫੀਸਦੀ ਦੀ ਘੱਟੋ-ਘੱਟ ਲੋੜ ਨੂੰ ਪੂਰਾ ਕਰਨ ਵਾਸਤੇ ਲਗਭਗ 20 ਸਾਲ ਪਹਿਲਾਂ ਗਲਤੀ ਨਾਲ ਵਣ ਭੂਮੀ ਖੇਤਰ ’ਚ ਸ਼ਾਮਲ ਕਰ ਲਿਆ ਗਿਆ ਸੀ।
ਉਨ੍ਹਾਂ ਨੇ ਸੂਬਾ ਸਰਕਾਰ ਨੂੰ ਉਕਤ ਜ਼ਮੀਨੀ ਹਿੱਸੇ ਨੂੰ ਵਣ ਭੂਮੀ ਵਜੋਂ ਆਪਣੇ ਵਰਗਗੀਕਰਨ ਤੋਂ ਹਟਾਉਣ ਲਈ ਸੁਪਰੀਮ ਕੋਰਟ ਜਾਂ ਵਾਤਾਵਰਣ ਅਤੇ ਵਣ ਮੰਤਰਾਲੇ ਦੀ ਕੇਂਦਰੀ ਅਧਿਕਾਰ ਪ੍ਰਾਪਤ ਕਮੇਟੀ ਕੋਲ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੀਐਲਪੀਏ ਜ਼ਮੀਨਾਂ ਬਾਰੇ ਰਖੇ ਗਏ ਗਲਤ ਪੱਖ ਕਾਰਨ ਵਿਕਾਸ ਦੇ ਸਾਰੇ ਰਸਤੇ ਬੰਦ ਹੋ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਪੰਜਾਬ ਦੇ ਕੰਢੀ ਤੇ ਪਹਾੜੀ ਇਲਾਕਿਆਂ ਦੇ ਪੂਰੇ ਮਾਮਲੇ ’ਤੇ ਵਿਚਾਰ ਕਰਨ ਲਈ ਕਿਹਾ।