Thailand begins Coronavirus vaccine: ਬੈਂਕਾਕ: ਗਲੋਬਲ ਪੱਧਰ ‘ਤੇ ਫੈਲੀ ਕੋਵਿਡ-19 ਮਹਾਂਮਾਰੀ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ । ਅਮਰੀਕਾ, ਸਪੇਨ, ਬ੍ਰਾਜ਼ੀਲ, ਬ੍ਰਿਟੇਨ ਸਮੇਤ ਕਈ ਦੇਸ਼ ਇਸ ਵਾਇਰਸ ਦੇ ਇਨਫੈਕਸ਼ਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ । ਉੱਥੇ ਹੀ ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਲੱਭਣ ਵਿੱਚ ਜੁਟੇ ਹੋਏ ਹਨ। ਇਸੇ ਵਿਚਾਲੇ ਥਾਈਲੈਂਡ ਨੇ ਵੈਕਸੀਨ ਨੂੰ ਲੈ ਕੇ ਥੋੜ੍ਹੀ-ਬਹੁਤ ਆਸ ਪੈਦਾ ਕੀਤੀ ਹੈ । ਥਾਈਲੈਂਡ ਵਿੱਚ ਹੁਣ ਵੈਕਸੀਨ ਟ੍ਰਾਈਲ ਦੇ ਅਗਲੇ ਪੜਾਅ ਵਿੱਚ ਪਹੁੰਚ ਗਿਆ ਹੈ ।
ਇੱਕ ਰਿਪੋਰਟ ਅਨੁਸਾਰ ਥਾਈਲੈਂਡ ਦੇ ਇੱਕ ਪ੍ਰਾਜੈਕਟ ਨੂੰ ਸ਼ੁਰੂਆਤੀ ਸਫਲਤਾ ਮਿਲੀ ਹੈ ਅਤੇ ਚੂਹਿਆਂ ਤੇ ਇਸ ਦਾ ਸਕਰਾਤਮਕ ਅਸਰ ਦਿਖਾਈ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਬਾਂਦਰਾਂ ‘ਤੇ ਇਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਹੋ ਚੁੱਕਿਆ ਹੈ । ਇਸ ਮਾਮਲੇ ਵਿੱਚ ਥਾਈਲੈਂਡ ਦਾ ਕਹਿਣਾ ਹੈ ਕਿ 6 ਤੋਂ 7 ਮਹੀਨੇ ਵਿੱਚ ਕੋਰੋਨਾ ਦੀ ਵੈਕਸੀਨ ਬਣਾਈ ਜਾ ਸਕਦੀ ਹੈ । ਥਾਈਲੈਂਡ ਦੇ ਉੱਚ ਸਿੱਖਿਆ, ਵਿਗਿਆਨ, ਰਿਸਰਚ ਅਤੇ ਇਨੋਵੇਸ਼ਨ ਮੰਤਰੀ ਸੁਵਤ ਮੈਸੇਂਸੇ ਨੇ ਕਿਹਾ ਕਿ ਚੂਹਿਆਂ ‘ਤੇ ਪਰੀਖਣ ਦੇ ਬਾਅਦ ਸ਼ੋਧ ਕਰਤਾ ਵੈਕਸੀਨ ਦੇ ਪਰੀਖਣ ਦੇ ਲਈ ਅਗਲੇ ਪੜਾਅ ਵੱਲ ਹਨ । ਉਨ੍ਹਾਂ ਕਿਹਾ ਕਿ ਸਤੰਬਰ ਤੱਕ 3 ਖੁਰਾਕਾਂ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਸਤੰਬਰ ਵਿੱਚ ਸਪਸ਼ੱਟ ਨਤੀਜੇ ਆਉਣ ਦੀ ਆਸ ਹੈ ।
ਉੱਥੇ ਹੀ ਮੰਤਰੀ ਸੁਵਤ ਨੇ ਸ਼ਨੀਵਾਰ ਨੂੰ ਇੱਕ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ ਇਹ ਪ੍ਰਾਜੈਕਟ ਮਨੁੱਖੀ ਜਾਤੀ ਦੇ ਲਈ ਹੈ । ਇਸ ਬਾਰੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਇੱਕ ਨੀਤੀ ਬਣਾਈ ਹੈ ਕਿ ਸਾਨੂੰ ਇੱਕ ਟੀਕਾ ਵਿਕਸਿਤ ਕਰਨਾ ਚਾਹੀਦਾ ਹੈ ਅਤੇ ਇਸ ਪ੍ਰੋਗਰਾਮ ਨਾਲ ਦੁਨੀਆ ਭਰ ਦੇ ਕਰਮਚਾਰੀਆਂ ਨੂੰ ਜੋੜਨਾ ਚਾਹੀਦਾ ਹੈ । ਇਸ ਤੋਂ ਪਹਿਲਾਂ ਥਾਈਲੈਂਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੈਕਸੀਨ ਨੂੰ ਲੈ ਕੇ ਕਿਹਾ ਸੀ ਕਿ ਚੂਹਿਆਂ ‘ਤੇ ਕੀਤੇ ਗਏ ਟੈਸਟ ਦੇ ਨਤੀਜੇ ਬਹੁਤ ਸਕਰਾਤਮਕ ਰਹੇ ਹਨ । ਅਜਿਹੇ ਵਿੱਚ ਪ੍ਰੀਖਣ ਨਾਲ ਆਸ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਤੱਕ ਇੱਥੇ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਹੋ ਸਕਦਾ ਹੈ ।