The agitation was extended : ਚੰਡੀਗੜ੍ਹ : ਕੇਂਦਰ ਸਰਕਾਰ ਨਾਲ ਤਿੰਨ ਨਵੇਂ ਖੇਤੀ ਕਾਨੂੰਨਾਂ ਸੰਬੰਧੀ ਮੀਟਿੰਗ ਦਾ ਬਾਈਕਾਟ ਕਰਨ ਮਗਰੋਂ 30 ਕਿਸਾਨ ਜਥੇਬੰਦੀਆਂ ਨੇ ਅੱਜ ਰੇਲ ਰੋਕੋ ਅੰਦੋਲਨ ਅਣਮਿਥੇ ਸਮੇਂ ਤੱਕ ਵਧਾ ਦਿੱਤਾ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਆਗੂਆਂ ਤੇ ਕੇਂਦਰੀ ਮੰਤਰੀਆਂ ਦਾ ਪੰਜਾਬ ਆਉਣ ’ਤੇ ਘਿਰਾਓ ਕਰਨ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਰੇਲ ਰੋਕੋ ਅੰਦੋਲਨ ਅਣਮਿਥੇ ਸਮੇਂ ਲਈ ਵਧਾਇਆ ਗਿਆ ਪਰ 20 ਅਕਤੂਬਰ ਨੂੰ ਮੁੜ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਇਸਦੀ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਆਉਣ ਵਾਲੇ ਕੇਂਦਰੀ ਮੰਤਰੀਆਂ ਅਤੇ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ 19 ਅਕਤੂਬਰ ਨੂੰ ਵਿਧਾਨ ਸਭਾ ਸੈਸ਼ਨ ਸੱਦਣ ਦੇ ਮੱਦੇਨਜ਼ਰ ਜਥੇਬੰਦੀਆਂ ਨੇ ਅਮਰਿੰਦਰ ਸਰਕਾਰ ਨੂੰ ਦਿੱਤਾ ਅਲਟੀਮੇਟਮ ਵਾਪਸ ਲੈ ਲਿਆ।
ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੇ ਵਫਦ ਦੀ ਬੇਇਜ਼ਤੀ ਕੀਤੀ ਹੈ ਉਸ ਖਿਲਾਫ ਮੋਦੀ ਦੇ ਪੁਤਲੇ 17 ਅਕਤੂਬਰ ਨੂੰ ਸਾੜੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕਿਸਾਨਾਂ ਦੇ ਵਿਰੋਧ ਵਿੱਚ ਆਵੇਗਾ ਉਹ ਉਨ੍ਹਾਂ ਦਾ ਘਿਰਾਓ ਕਰਨਗੇ, ਬੇਸ਼ਕ ਉਨ੍ਹਾਂ ਨੂੰ ਰਾਜਪਾਲ ਕੋਲ ਜਾਣਾ ਹੈ ਜਾਂ ਫਿਰ ਚੰਡੀਗੜ੍ਹ ਨੂੰ ਘੇਰਨਾ ਪਿਆ ਤਾਂ ਘੇਰਾਂਗੇ ਕਿਉਂਕਿ ਰਾਜਪਾਲ ਭਾਜਪਾ ਦਾ ਹੈ ਤਾਂ ਇਹ ਸਵਾਲ ਉਠਿਆ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨਵਾਂ ਕਾਨੂੰਨ ਬਣਾ ਰਹੀ ਹੈ, ਅਸੀਂ ਇਸ ‘ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕਰ ਸਕਦੇ ਅਤੇ ਜੇਕਰ ਰਾਜਪਾਲ ਸਾਡੇ ਰਸਤੇ ਵਿੱਚ ਆਵੇਗਾ ਤਾਂ ਉਦੋਂ ਉਸ ਸਮੇਂ ਫੈਸਲਾ ਲਿਆ ਜਾਵੇਗਾ ਪਹਿਲਾਂ ਅਸੀਂ ਕੁਝ ਨਹੀਂ ਕਹਿ ਸਕਦੇ। ਕਿਸਾਨਾਂ ਨੇ ਕਿਹਾ ਕਿ ਕੱਲ੍ਹ ਭਾਜਪਾ ਨੇਤਾ ਨੇ ਮੰਤਰੀਆਂ ਨਾਲ ਸਮਾਗਮ ਕੀਤਾ ਤਾਂ ਅਸੀਂ ਉਨ੍ਹਾਂ ਦੀ ਘੇਰਾਬੰਦੀ ਕੀਤੀ ਸੀ।
ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੇਲਵੇ ਟਰੈਕ ਤੋਂ ਧਰਨਾ ਹਟਾ ਕੇ ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ ਧਰਨਾ ਲਗਾਉਣ ਦੇ ਫੈਸਲੇ ‘ਤੇ ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਉਗਰਾਹਾ ਪ੍ਰਦਰਸ਼ਨ ਕਰ ਰਹੀ ਹੈ, ਉਹ ਪ੍ਰੋਗਰਾਮ ਸਾਡੇ ਤੋਂ ਲੈਂਦੀ ਹੈ ਪਰ ਉਹ ਫੈਸਲਾ ਆਪਣੇ ਆਪ ਲੈਂਦੀ ਹੈ। ਅਸ਼ਵਨੀ ਸ਼ਰਮਾ ’ਤੇ ਹੋਏ ਹਮਲੇ ‘ਤੇ ਉਨ੍ਹਾਂ ਕਿਹਾ ਕਿ ਉਹ ਖੁਦ ਕਹਿ ਰਹੇ ਹਨ ਕਿ ਕਿਸਾਨਾਂ ਨੇ ਹਮਲਾ ਨਹੀਂ ਕੀਤਾ ਹੈ। ਇਹ ਸਾਨੂੰ ਨਹੀਂ ਪਤਾ ਕਿ ਉਨ੍ਹਾਂ ‘ਤੇ ਹਮਲਾ ਕਿਸ ਨੇ ਕੀਤਾ।