The Ambassadors of Hope set : ਲੌਕਡਾਊਨ ਦੌਰਾਨ ਆਪਣੀ ਰਚਨਾਤਮਕਤਾ ਨੂੰ ਸਾਂਝਾ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ, “ਅੰਬੈਸਡਰਜ਼ ਆਫ਼ ਹੋਪ” ਲਈ ਤਕਰੀਬਨ 1,05,898 ਸਕੂਲੀ ਵਿਦਿਆਰਥੀਆਂ ਵੱਲੋਂ ਆਪਣੇ ਵੀਡੀਓ ਸਾਂਝੇ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਿੰਮ ਨੇ ਅਜਿਹਾ ਵਿਸ਼ਵ ਰਿਕਾਰਡ ਬਣਾਇਆ ਜੋ ਪਹਿਲਾਂ ਕਦੇ ਨਹੀਂ ਬਣਿਆ। ਅੱਠ ਦਿਨ ਚੱਲੇ ਇਸ ਆਨਲਾਈਨ ਵੀਡੀਓ ਮੁਕਾਬਲੇ ਵਿਚ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਿੱਖਿਆ ਮੰਤਰੀ ਨੇ ਕਿਹਾ ਕਿ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੇਟ ਦਿੱਤੇ ਜਾਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ 50 ਹੋਰ ਇਨਾਮ ਤੇ ਸਕੂਲਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾਣਗੇ।
ਸਿੱਖਿਆ ਮੰਤਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਭ ਤੋਂ ਵੱਧ ਐਂਟਰੀਆਂ ਦਾ ਰਿਕਾਰਡ ਫਿਲਹਾਲ ਫਿਲਪੀਨਜ਼ ਦੀ ਸੇਬੂ ਸਿਟੀ ਕਮਿਸ਼ਨ (ਇਕ ਸਰਕਾਰੀ ਸੰਸਥਾ) ਦੇ ਨਾਂ ਹੈ ਕਿਉਂਕਿ ਅੱਠ ਦਿਨ ਚੱਲੇ ਆਨਲਾਈਨ ਮੁਕਾਬਲੇ ਵਿਚ ਉਨ੍ਹਾਂ ਦੇ 43,157 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਮੁਹਿੰਮ ਨੂੰ ਲੁਧਿਆਣਾ ਜਿਲ੍ਹੇ ‘ਚੋਂ ਸਭ ਤੋਂ ਵੱਧ 16,084 ਐਂਟਰੀਆਂ ਮਿਲੀਆਂ। ਇਸੇ ਤਰ੍ਹਾਂ ਅੰਮ੍ਰਿਤਸਰ ‘ਚੋਂ 13,862, ਸੰਗਰੂਰ 10,741, ਪਟਿਆਲਾ 10,614, ਗੁਰਦਾਸਪੁਰ 7,030, ਜਲੰਧਰ 6,180, ਫਤਿਹਗੜ ਸਾਹਿਬ 5,319, ਬਠਿੰਡਾ 4,956, ਬਰਨਾਲਾ 4,412, ਮੋਹਾਲੀ 3,214 ਅਤੇ ਮਾਨਸਾ 2788 , ਹੁਸ਼ਿਆਰਪੁਰ 2449 ਮੁਕਤਸਰ 2253, ਕਪੂਰਥਲਾ 2260, ਮੋਗਾ 2222, ਫਾਜਲਿਕਾ 2089, ਰੂਪਨਗਰ 1982, ਪਠਾਨਕੋਟ 1605, ਫਿਰੋਜ਼ਪੁਰ 1685, ਸ਼ਹੀਦ ਭਗਤ ਸਿੰਘ ਨਗਰ 1655, ਤਰਨ ਤਾਰਨ 1318, ਅਤੇ ਫਰੀਦਕੋਟ ਜਿਲ੍ਹੇ ਤੋਂ ਇਸ ਮੁਹਿੰਮ ਵਾਸਤੇ 1182 ਐਂਟਰੀਆਂ ਪ੍ਰਾਪਤ ਹੋਈਆਂ ਹਨ। ਐਂਟਰੀਆਂ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਮੁਹਿੰਮ ਤੱਕ 8 ਦਿਨਾਂ ਦੌਰਾਨ ਤਕਰੀਬਨ 2.5 ਕਰੋੜ ਲੋਕਾਂ ਨੇ ਪਹੁੰਚ ਕੀਤੀ। ਇਸ ਮੁਹਿੰਮ ਤੱਕ ਫੇਸਬੁੱਕ ‘ਤੇ ਸਭ ਤੋਂ ਵੱਧ 8.5 ਮਿਲੀਅਨ (85 ਲੱਖ), ਯੂ ਟਿਊਬ ‘ਤੇ 7 ਮਿਲੀਅਨ (70 ਲੱਖ), ਟਿਕ ਟੋਕ ‘ਤੇ 4.5 ਮਿਲੀਅਨ (45 ਲੱਖ), ਇੰਸਟਾਗ੍ਰਾਮ ‘ਤੇ 2.5 ਮਿਲੀਅਨ (25 ਲੱਖ) ਅਤੇ ਟਵਿੱਟਰ ਅਤੇ ਸਨੈਪਚੈਟ ‘ਤੇ ਲਗਭਗ 1 ਮਿਲੀਅਨ (10 ਲੱਖ (ਹਰੇਕ)) ਲੋਕਾਂ ਨੇ ਪਹੁੰਚ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਢਲਾ ਉਦੇਸ਼ ਨਕਾਰਾਤਮਕਤਾ ਦੇ ਮਾਹੌਲ ਵਿਚ ਵਿਦਿਆਰਥੀਆਂ ਨੂੰ ਉਸਾਰੂ ਗਤੀਵਿਧੀ ਨਾਲ ਜੋੜਨਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਪਣੇ ਰਿਸ਼ਤੇਦਾਰਾਂ ਵੱਲੋ ਭੇਜੀਆਂ ਗਈਆਂ ਐਂਟਰੀਆਂ ਨੂੰ ਮੁਕਾਬਲੇ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ ਅਤੇ ਜੇਤੂਆਂ ਦੀ ਪੂਰੀ ਤਰ੍ਹਾਂ ਚੋਣ ਮੈਰਿਟ ਅਤੇ ਪਾਰਦਰਸ਼ਤਾ ਦੇ ਅਧਾਰ ‘ਤੇ ਕੀਤੀ ਜਾਵੇਗੀ।
ਇਸ ਮੁਕਾਬਲੇ ਤੋਂ ਕੇਂਦਰ ਸਰਕਾਰ ਵੀ ਕਾਫ਼ੀ ਪ੍ਰਭਾਵਤ ਹੋਈ ਅਤੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ। ਮਨੁੱਖੀ ਸਰੋਤ ਵਿਕਾਸ ਬਾਰੇ ਕੇਂਦਰੀ ਮੰਤਰੀ ਨੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ‘ਅੰਬੈਸਡਰਜ਼ ਆਫ਼ ਹੋਪ’ ਮੁਹਿੰਮ ਦੇ ਵੇਰਵਿਆਂ ਬਾਰੇ ਜਾਣਨ ਲਈ ਗੱਲਬਾਤ ਕੀਤੀ। ਇਸ ਦੌਰਾਨ ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼, ਉੜੀਸਾ,ਰਾਜਸਥਾਨ ਅਤੇ ਛੱਤੀਸਗੜ੍ਹ ਸੂਬਿਆਂ ਵੱਲੋਂ ਆਪਣੇ ਵਿਦਿਆਰਥੀਆਂ ਲਈ ਵੀ ਇਹ ਮੁਹਿੰਮ ਸ਼ੁਰੂ ਕਰਨ ਦੇ ਸੰਕੇਤ ਮਿਲੇ ਹਨ। ਇਨ੍ਹਾਂ ਸੂਬਿਆਂ ਦੇ ਸਿੱਖਿਆ ਸਕੱਤਰਾਂ ਨੇ ਪਹਿਲਾਂ ਹੀ ਇਸ ਸਬੰਧ ਵਿੱਚ ਸ੍ਰੀ ਵਿਜੇ ਇੰਦਰ ਸਿੰਗਲਾ ਨਾਲ ਵਿਸਥਾਰ ਵਿੱਚ ਵਿਚਾਰ ਵਟਾਂਦਾਰਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ, “ਅਸੀਂ ਵਿਦਿਆਰਥੀਆਂ ਦੀ ਭਾਵਨਾ ਅਤੇ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲਾਂ ਦੁਆਰਾ ਉਨ੍ਹਾਂ ਨੂੰ ਸੇਧ ਦੇਣ ਅਤੇ ਪ੍ਰੇਰਿਤ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹਾਂ। ਮੈਂ ਅਤੇ ਮੇਰੀ ਟੀਮ ਹਰੇਕ ਵੀਡੀਓ ਨੂੰ ਚੰਗੀ ਤਰ੍ਹਾਂ ਘੋਖੇਗੀ ਅਤੇ ਅਗਲੇ 20 ਦਿਨਾਂ ਵਿੱਚ ਨਤੀਜਿਆਂ ਦੀ ਘੋਸ਼ਣਾ ਕਰਨ ਲਈ ਇੱਕ ਵਿਸਥਾਰਤ ਰਿਪੋਰਟ ਤਿਆਰ ਕਰੇਗੀ।” ਸ੍ਰੀ ਸਿੰਗਲਾ ਨੇ ਇਹ ਵੀ ਕਿਹਾ ਕਿ ਅੰਬੈਸਡਰ ਆਫ਼ ਹੋਪ ਮੁਹਿੰਮ ਵਿਦਿਆਰਥੀਆਂ ਲਈਆਂ ਅਜਿਹੀਆਂ ਮੁਹਿੰਮਾਂ ਸ਼ੁਰੂ ਕਰਨ ਵਾਸਤੇ ਸਰਕਾਰਾਂ ਲਈ ਇਕ ਮਿਸਾਲ ਕਾਇਮ ਕਰੇਗੀ। ਸਿੱਖਿਆ ਮੰਤਰੀ ਨੇ ਕਿਹਾ, “ਮੇਰੇ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਆਪਣੇ ਬੱਚਿਆਂ ਦੀਆਂ ਵੀਡਿਓ ਵੀ ਸਾਂਝੀਆਂ ਕੀਤੀਆਂ ਹਨ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਜੇਤੂਆਂ ਦਾ ਮੁਲਾਂਕਣ ਕਰਨ ਵੇਲੇ ਉਨ੍ਹਾਂ ਦੇ ਨਾਂ ਨਹੀਂ ਵਿਚਾਰੇ ਜਾਣਗੇ ਕਿਉਂ ਕਿ ਅਸੀਂ ਮੁਕਾਬਲੇ ਦੀ ਮੈਰਿਟ ਅਤੇ ਭਾਵਨਾ ਨੂੰ ਬਣਾਏ ਰੱਖਣ ਲਈ ਵਚਨਬੱਧ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਇਸ ਮੁਹਿੰਮ ਵਿੱਚ ਲੜਕੀਆਂ ਦੀ ਭਾਗੀਦਾਰੀ ਲੜਕਿਆਂ ਨਾਲੋਂ ਵੱਧ ਭਾਵ 60:40 ਰਹੀ ਹੈ। ਸ਼ਹਿਰੀ ਸਕੂਲਾਂ ਵਿੱਚੋਂ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਮੁਹਾਲੀ ਜ਼ਿਲਿਆਂ ਜਦੋਂਕਿ ਦਿਹਾਤੀ ਖੇਤਰ ਦੇ ਸਕੂਲਾਂ ਵਿੱਚੋਂ ਮਾਨਸਾ, ਤਰਨਤਾਰਨ, ਫਿਰੋਜ਼ਪੁਰ ਅਤੇ ਬਠਿੰਡਾ ਜ਼ਿਲਿਆਂ ਦੇ ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਵੱਧ-ਚੜ ਕੇ ਹਿੱਸਾ ਲਿਆ।
ਮੰਤਰੀ ਨੇ ਦੱਸਿਆ ਕਿ ਸਾਰੇ 22 ਜ਼ਿਲਿਆਂ ਵਿਚੋਂ ਤਿੰਨ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ, ਜਿਨ੍ਹਾਂ ਵਿਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਐਪਲ ਆਈਪੈਡ, ਲੈਪਟਾਪ ਅਤੇ ਐਂਡਰਾਇਡ ਟੈਬਲੇਟ ਸ਼ਾਮਲ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ 50 ਹੋਰ ਇਨਾਮ ਵੀ ਦਿੱਤੇ ਜਾਣਗੇ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਵਾਲੇ ਸਕੂਲਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਜੇਤੂ ਵਿਦਿਆਰਥੀਆਂ ਦੇ ਅਧਿਆਪਕਾਂ ਦਾ ਵੀ ਮਾਣ ਤਾਣ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਨਾਮ ਦਿੱਤੇ ਜਾਣਗੇ।ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਸਾਰਿਆਂ ਨੂੰ ‘ਅੰਬੈਸਡਰਜ਼ ਆਫ਼ ਹੋਪ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।