The body of a farmer : ਨਵੀਂ ਦਿੱਲੀ : 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਪਹੁੰਚੇ ਇੱਕ ਨੌਜਵਾਨ ਕਿਸਾਨ ਦੀ ਲਾਸ਼ ਭੇਦਭਰੇ ਹਾਲਾਤਾਂ ਵਿੱਚ ਦਿੱਲੀ ਦੇ ਇੱਕ ਹਸਪਤਾਲ ਵਿੱਚੋਂ ਮਿਲੀ। ਇਹ ਕਿਸਾਨ ਉੱਤਰ ਪ੍ਰਦੇਸ਼ ਵਿੱਚ ਪੀਲੀਭੀਤ ਦੇ ਪਿੰਡ ਭੋਪਤਪੁਰ ਦਾ ਰਹਿਣ ਵਾਲਾ ਸੀ, ਜਿਸ ਦੀ ਪਛਾਣ 31 ਸਾਲਾ ਬਲਵਿੰਦਰ ਸਿੰਘ ਵਜੋਂ ਹੋਈ ਹੈ। ਉਹ 9 ਦਿਨਾਂ ਤੋਂ ਲਾਪਤਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਦੀ ਮੌਤ ਇਕ ਸੜਕ ਹਾਦਸੇ ਵਿੱਚ ਹੋਈ ਹੈ ਪਰ ਉਕਤ ਕਿਸਾਨ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ।
ਬਲਵਿੰਦਰ ਸਿੰਘ ਦੇ ਛੋਟੇ ਭਰਾ ਵਰਿੰਦਰ ਸਿੰਘ ਮੁਤਾਬਕ ਉਹ 23 ਜਨਵਰੀ ਨੂੰ ਆਪਣੇ ਪਿੰਡ ਤੋਂ ਗਾਜ਼ੀਪੁਰ ਬਾਰਡਰ ‘ਤੇ ਪਹੁੰਚਿਆ ਸੀ। ਉਹ ਵੀ ਬਾਕੀ ਕਿਸਾਨਾਂ ਵਾਂਗ ਗਣਤੰਤਰ ਦਿਵਸ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਆਇਆ ਸੀ ਪਰ 24 ਜਨਵਰੀ ਤੋਂ ਹੀ ਉਸ ਦਾ ਕੁਝ ਵੀ ਥਹੁ-ਪਤਾ ਨਹੀਂ ਲੱਗ ਰਿਹਾ ਸੀ। ਉਸ ਦੇ ਭਰਾ ਨੇ ਕਿਹਾ ਕਿ ਉਹ ਪਿਛਲੇ ਇੱਕ ਹਫਤੇ ਤੋਂ ਉਸ ਨੂੰ ਲੱਭ ਰਿਹਾ ਸੀ ਪਰ ਉਸ ਦੇ ਸਾਥੀ ਕਿਸਾਨਾਂ ਨੂੰ ਵੀ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਰਿਵਾਰ ਨੂੰ 1 ਫਰਵਰੀ ਨੂੰ ਦਿੱਲੀ ਪੁਲਿਸ ਵੱਲੋਂ ਫੋਨ ‘ਤੇ ਸੂਚਨਾ ਮਿਲੀ ਕਿ ਬਲਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਵਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਬਲਵਿੰਦਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਇਹ ਨਹੀਂ ਲੱਗਦਾ ਕਿ ਉਸ ਦਾ ਐਕਸੀਡੈਂਟ ਹੋਇਆ ਹੋਵੇਗਾ। ਉਸ ਦਾ ਕਤਲ ਕੀਤਾ ਗਿਆ ਹੈ। ਫਿਲਹਾਲ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਸ ਦਾ ਪਰਿਵਾਰ ਵੱਲੋਂ ਬੀਤੇ ਦਿਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ 26 ਜਨਵਰੀ ਦੀ ਪਰੇਡ ਵਿੱਚ ਹਿੱਸਾ ਲੈਣ ਵਾਲੇ ਵੱਖ-ਵੱਖ ਸੂਬਿਆਂ ਦੇ ਨੌਜਵਾਨ ਲਾਪਤਾ ਹਨ। ਦਿੱਲੀ ਪੁਲਿਸ ਨੇ ਹਿੰਸਾ ਦੌਰਾਨ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਦੀ ਸੂਚੀ ਵੀ ਨਾਵਾਂ ਸਹਿਤ ਜਾਰੀ ਕੀਤੀ ਹੈ।