The body of a young man : ਹੁਸ਼ਿਆਰਪੁਰ ’ਚ ਬੁੱਧਵਾਰ ਨੂੰ ਇਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਨੌਜਵਾਨ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਸਵੇਰੇ ਜਦੋਂ ਲੋਕ ਸਟੇਡੀਅਮ ਵਿਚ ਸੈਰ ਕਰ ਰਹੇ ਸਨ ਤਾਂ ਕੋਲ ਹੀ ਦਰੱਖਤ ਨਾਲ ਉਨ੍ਹਾਂ ਨੇ ਲਾਸ਼ ਨੂੰ ਲਟਕਦਿਆਂ ਦੇਖਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਮੁੱਢਲੀ ਜਾਂਚ ’ਚ ਮ੍ਰਿਤਕ ਦੇ ਗਲੇ ’ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ ਮਿਲੇ ਹਨ, ਜਿਸ ਨੂੰ ਦੇਖ ਕੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਸ ਨੂੰ ਕਤਲ ਤੋਂ ਬਾਅਦ ਉਥੇ ਲਟਕਾਇਆ ਗਿਆ ਹੋਵੇਗਾ। ਮਾਮਲੇ ਦੀ ਪੜਤਾਲ ਜਾਰੀ ਹੈ।
ਸੀਨੀਅਰ ਕਾਂਗਰਸੀ ਨੇਤਾ ਐਡਵੋਕੇਟ ਨਵੀਨ ਜੈਰਥ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੁੱਧਵਾਰ ਸਵੇਰੇ ਲਗਭਗ ਸਾਢੇ 8 ਵਜੇ ਦੋਸਤਾਂ ਨਾਲ ਲਾਜਵੰਤੀ ਨਗਰ ਸਥਿਤ ਆਊਟਡੋਰ ਸਟੇਡੀਅਮ ਵਿਚ ਸੈਰ ਲਈ ਆਏ ਸਨ। ਜਦੋਂ ਉਹ ਵਾਪਿਸ ਪਰਤਣ ਲੱਗੇ ਤਾਂ ਇਕ ਬਜ਼ੁਰਗ ਨੇ ਆਵਜ਼ਾ ਲਗਾ ਕੇ ਦਰੱਖਤ ’ਤੇ ਕਿਸੇ ਦੀ ਲਾਸ਼ ਲਟਕਣ ਬਾਰੇ ਜਾਣਕਾਰੀ ਦਿੱਤੀ। ਜੈਰਥ ਨੇ ਉਥੇ ਜਾ ਕੇ ਦੇਖਿਆ ਅੇਤ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਸ ਦੀ ਸੂਚਨਾ ਮਿਲੇਦ ਹੀ ਡੀਐਸਪੀ ਮੁਨੀਸ਼ ਸ਼ਰਮਾ ਅਤੇ ਥਾਣਾ ਮਾਡਲ ਟਾਊਨ ਇੰਚਾਰਜ ਪੁਲਿਸ ਪਾਰਟੀ ਦੇ ਨਾਲ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਜੇਬ ਤੋਂ ਮਿਲੇ ਪਛਾਣ ਪੱਤਰ ਤੋਂ ਉਸ ਦੀ ਪਛਾਣ ਜਲੰਧਰ ਦੇ ਰਾਮਾ ਮੰਡੀ ਵਾਰਡ-13 ਸਥਿਤ ਬਾਬਾ ਬੁੱਧ ਜੀ ਨਗਰ ਦੇ ਮਕਾਨ ਨੰਬਰ 1172, ਗਲੀ ਨੰਬਰ 9 ਦੇ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਵੋਜਂ ਹੋਈ ਹੈ। ਡੀਐਸਪੀ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇੰਝ ਲੱਗ ਰਿਹਾ ਹੈ ਕਿ ਕਿਸੇ ਨੇ ਪ੍ਰਦੀਪ ਦੀ ਹੱਤਿਆ ਕਰਕੇ ਲਾਸ਼ ਨੂੰ ਦਰੱਖਤ ਨਾਲ ਲਟਕਾਇਆ ਹੈ, ਕਿਉਂਕਿ ਉਸ ਦੇ ਗਲੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੱਟੇ ਜਾਣ ਦੇ ਨਿਸ਼ਾਨ ਹਨ। ਪੋਸਟਮਾਰਟਮ ਰਿਪੋਰਟ ਆਉਣ ’ਤੇ ਹੀ ਅਗਲੇਰੀ ਜਾਂਚ ਕੀਤੀ ਜਾਵੇਗੀ। ਫਿਲਹਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।