The case of Tuli Lab and EMC Hospital : ਅੰਮ੍ਰਿਤਸਰ ਵਿਖੇ ਮਰੀਜ਼ਾਂ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਇਲਾਜ ਦੇ ਨਾਂ ’ਤੇ ਲੱਖਾਂ ਰੁਪਏ ਲੋਕਾਂ ਤੋਂ ਲੁੱਟਣ ਵਾਲੇ EMC ਹਸਪਤਾਲ ਤੇ ਤੁਲੀ ਲੈਬ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਹ ਮਾਮਲਾ ਵਿਜੀਲੈਂਸ ਨੂੰ ਸੌਂਪਿਆ ਗਿਆ ਸੀ ਪਰ ਹੁਣ ਇਸ ਪ੍ਰਾਈਵੇਟ ਲੈਬ ਦੀ ਜਾਂਚ ਵਿਜੀਲੈਂਸ ਬਿਊਰੋ ਦੇ ਨਾਲ-ਨਾਲ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਵੀ ਕੀਤੀ ਜਾਵੇਗੀ। ਹੁਣ ਈਡੀ ਦੋਸ਼ੀ ਡਾਕਟਰਾਂ ਦਾ ਵੱਲੋਂ ਮਰੀਜ਼ਾਂ ਕੋਲੋਂ ਲੁੱਟੇ ਗਏ ਰੁਪਿਆਂ ਦੀ ਜਾਂਚ-ਪੜਤਾਲ ਕਰਨ ਵਿਚ ਲੱਗੀ ਹੋਈ ਹੈ, ਜਿਨ੍ਹਾਂ ਕੋਲ ਤੁਲੀ ਪ੍ਰਾਈਵੇਟ ਲੈਬ ਤੋਂ ਰਿਪੋਰਟ ਆਉਣ ਤੋਂ ਬਾਅਦ ਲੋਕਾਂ ਨੂੰ ਇਲਾਜ ਲਈ ਭੇਜਿਆ ਜਾਂਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਈਡੀ ਨੇ ਤੁਲੀ ਲੈਬ ਅਤੇ ਈਐਮਸੀ ਹਸਪਤਾਲ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ। ਫਿਲਹਾਲ ਅਜੇ ਅਧਿਕਾਰੀਆਂ ਵੱਲੋਂ ਕੁਝ ਵੀ ਦੱਸਿਆ ਨਹੀਂ ਜਾ ਰਿਹਾ ਹੈ। ਵਿਜੀਲੈਂਸ ਦੇ ਐਸਐਸਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ ਤੋਂ ਮਿਲੇ ਡਾਕੂਮੈਂਟਸ ਦੀ ਛਾਣਬੀਣ ਕੀਤੀ ਜਾ ਰਹੀ ਹੈ ਤੇ ਸਾਰੇ ਮਾਮਲੇ ਦੀ ਜਾਂਚ ਪੂਰੀ ਕਰਕੇ ਛੇਤੀ ਹੀ ਚਾਰਜਸ਼ੀਟ ਕੋਰਟ ਵਿਚ ਦਾਇਰ ਕੀਤੀ ਜਾਵੇਗੀ। ਦੂਜੇ ਪਾਸੇ ਈਐਮਸੀ ਹਸਪਤਾਲ ਦੇ ਮਾਲਿਕ ਅਤੇ ਚੇਅਰਮੈਨ ਪਵਨ ਅਰੋੜਾ ਤੇ ਡਾ. ਪੰਕਜ ਸੋਨੀ ਵੱਲੋਂ ਸੈਸ਼ਨ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਤੁਲੀ ਪ੍ਰਾਈਵੇਟ ਲੈਬ ਵਿਚ ਕੋਰੋਨਾ ਵਾਇਰਸ ਦੇ ਫਰਜ਼ੀ ਪਾਜ਼ੀਟਿਵ ਰਿਪੋਰਟ ਤਿਆਰ ਕਰਕੇ ਮਰੀਜ਼ਾਂ ਨੂੰ ਈਐਮਸੀ ਹਸਪਤਾਲ ਵਿਚ ਦਾਖਲ ਕਰਵਾਇਆ ਜਾਂਦਾ ਸੀ, ਜਿਥੇ ਇਲਾਜ ਦੇ ਨਾਂ ’ਤੇ ਮਰੀਜ਼ਾਂ ਤੋਂ ਲੱਖਾਂ ਰੁਪਏ ਵਸੂਲੇ ਜਾਂਦੇ ਸਨ, ਜਿਸ ਦਾ ਬੀਤੇ ਦਿਨੀਂ ਪਰਦਾਫਾਸ਼ ਹੋਇਆ ਸੀ।