ਡਾਕਟਰ ਡੇ ਦੇ ਮੌਕੇ ‘ਤੇ ਜਲੰਧਰ ਦੇ ਨਿੱਜੀ ਹਸਪਤਾਲ ‘ਚ ਹੰਗਾਮਾ ਹੋ ਗਿਆ। ਕਪੂਰਥਲਾ ਦੀ ਔਰਤ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਸ ਦੇ ਇਲਾਜ ਵਿਚ ਲਾਪਰਵਾਹੀ ਵਰਤੀ ਗਈ ਹੈ। ਜਦੋਂ ਇਸ ਬਾਰੇ ਪੁੱਛਣਾ ਚਾਹਿਆ ਤਾਂ ਬਾਊਂਸਰ ਬੁਲਾ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ।
ਇਸ ਗੱਲ ਦਾ ਪਤਾ ਲੱਗਦਿਆਂ ਹੀ ਕਪੂਰਥਲਾ ਤੋਂ ਉਨ੍ਹਾਂ ਦੇ ਹੋਰ ਰਿਸ਼ਤੇਦਾਰ ਜਲੰਧਰ ਪਹੁੰਚ ਗਏ। ਉਨ੍ਹਾਂ ਨੇ ਹਸਪਤਾਲ ਦੇ ਬਾਹਰ ਸੜਕ ਵਿਚਕਾਰ ਆਪਣੀਆਂ ਗੱਡੀਆਂ ਖੜੀਆਂ ਕਰਕੇ ਸੜਕ ਜਾਮ ਕਰ ਦਿੱਤੀ ਅਤੇ ਮੰਗ ਕੀਤੀ ਕਿ ਹਸਪਤਾਲ ਨੂੰ ਸੀਲ ਕੀਤਾ ਜਾਵੇ, ਤਾਂਕਿ ਕਿਸੇ ਦੂਜੇ ਮਰੀਜ਼ ਦੀ ਇਲਾਜ ਵਿੱਚ ਲਾਪਰਵਾਹੀ ਨਾਲ ਮੌਤ ਨਾ ਹੋਵੇ।
ਕਪੂਰਥਲਾ ਦੀ ਸ਼ਰਨ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਬੁੱਧਵਾਰ ਸ਼ਾਮ ਨੂੰ ਜਲੰਧਰ ਦੇ ਇਸ ਨਿੱਜੀ ਹਸਪਤਾਲ ਵਿੱਚ ਆਈ ਸੀ। ਉਸਦੀ ਮਾਂ ਖੁਦ ਤੁਰ ਕੇ ਹਸਪਤਾਲ ਅੰਦਰ ਗਈ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਉਸ ਦੀ ਛਾਤੀ ਵਿੱਚ ਕੱਟ ਲਗਾਉਣ ਦੇ ਨਾਲ ਇੰਜੈਕਸ਼ਨ ਵੀ ਲਗਾਇਆ। ਜਿਸ ਤੋਂ ਬਾਅਦ ਉਸਦੀ ਮਾਂ ਦੀ ਸਿਹਤ ਵਿਗੜ ਗਈ ਅਤੇ ਵੀਰਵਾਰ ਨੂੰ ਉਸਦੀ ਮੌਤ ਹੋ ਗਈ। ਜਦੋਂ ਉਸਨੇ ਇਹ ਪੁੱਛਣਾ ਚਾਹਿਆ ਕਿ ਉਸਦੀ ਮਾਂ ਹਸਪਤਾਲ ਵਿੱਚ ਉਸ ਦੀ ਮਾਂ ਠੀਕ-ਠਾਕ ਆਈ ਸੀ, ਫਿਰ ਅਚਾਨਕ ਮੌਤ ਕਿਵੇਂ ਹੋ ਗਈ ਤਾਂ ਇਸ ‘ਤੇ ਉਸ ਦੇ ਭਰਾ ਨਾਲ ਹਸਪਤਾਲ ਦੇ ਬਾਊਂਸਰਾਂ ਨੇ ਧੱਕਾ-ਮੁੱਕੀ ਕੀਤੀ।
ਪਰਿਵਾਰ ਦੇ ਸਖ਼ਤ ਵਿਰੋਧ ਦੇ ਮੱਦੇਨਜ਼ਰ ਇਲਾਕੇ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਹਾਲਾਂਕਿ, ਅਜੇ ਤੱਕ ਇਸ ਮਾਮਲੇ ਵਿਚ ਹਸਪਤਾਲ ਦੇ ਪੱਖ ਤੋਂ ਕੋਈ ਪੱਖ ਸਾਹਮਣੇ ਨਹੀਂ ਆਇਆ ਹੈ। ਜਾਮ ਲੱਗਣ ਕਾਰਨ ਇੱਥੋਂ ਬੱਸ ਸਟੈਂਡ ਅਤੇ ਮਿਸ਼ਨ ਚੌਕ ਦੇ ਨਾਲ ਨਕੋਦਰ ਚੌਕ ਵੱਲ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਓ ਸਾਵਧਾਨ! ਸ਼ਹਿਰ ‘ਚ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੁੱਟਾਂ-ਖੋਹਾਂ ਕਰਨ ਵਾਲਾ ਗੈਂਗ ਸਰਗਰਮ, ਪੁਲਿਸ ਨੇ ਕੀਤਾ Alert
ਇਸ ਦੌਰਾਨ ਹਸਪਤਾਲ ਵਿਚ ਮਰੀਜ਼ ਦੇ ਰਿਸ਼ਤੇਦਾਰਾਂ ਨਾਲ ਬਦਸਲੂਕੀ ਕਰਨ ਵਾਲੇ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਰੋਸ ਪ੍ਰਗਟਾਇਆ ਕਿ ਉਨ੍ਹਾਂ ਦੀ ਮਾਂ ਨੂੰ ਮਾਰਿਆ ਗਿਆ ਹੈ ਤਾਂ ਅੱਗੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਹਾਂ ਤੇਰੀ ਮਾਂ ਨੂੰ ਮਾਰਿਆ ਹੈ। ਇਹ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।