The dispute between the bureaucracy : ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਮੰਤਰੀ ਮੰਡਲ ਦੀ ਬੈਠਕ ਵਿਚ ਮੁਖ ਸਕੱਤਰ ਕਰਨ ਅਵਤਾਰ ਸਿੰਘ ਅੱਜ ਹਾਜਿਰ ਹੋਏ ਹਨ । ਮੰਤਰੀ ਮੰਡਲ ਦੀ ਬੈਠਕ ਅੱਜ ਪੰਜਾਬ ਸਕੱਤਰੇਤ ਵਿਖੇ ਹੋ ਰਹੀ ਹੈ। ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਸਾਰੇ ਮੰਤਰੀ ਤੇ ਮੁੱਖ ਸਕੱਤਰ ਵੀ ਹਾਜ਼ਰ ਹਨ। ਅੱਜ ਦੀ ਇਸ ਬੈਠਕ ਵਿਚ ਅਫਸਰਸ਼ਾਹੀ ਨਾਲ ਮੰਤਰੀਆਂ ਦਾ ਵਿਵਾਦ ਸੁਲਝ ਗਿਆ, ਜਿਥੇ ਮੁੱਖ ਸਕੱਤਰ ਨੇ ਮੰਤਰੀਆਂ ਤੋਂ ਆਪਣੇ ਵਤੀਰੇ ਲਈ ਮਾਫੀ ਵੀ ਮੰਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਕੈਬਨਿਟ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਅੱਜ ਇਕ ਵਧੀਆ ਮਾਹੌਲ ਵਿਚ ਬੈਠਕ ਹੋਈ ਹੈ। ਮੁੱਖ ਸਕੱਤਰ ਨਾਲ ਵਿਵਾਦ ’ਤੇ ਬਾਜਵਾ ਨੇ ਕਿਹਾ ਕਿ ਇਹ ਮਾਮਲਾ ਹੁਣ ਖਤਮ ਹੋ ਚੁੱਕਾ ਹੈ।
ਮਨਪ੍ਰੀਤ ਬਾਦਲ ਨੇ ਵੀ ਕੈਬਨਿਟ ਮੀਟਿੰਗ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਕਾਫੀ ਸਮੇਂ ਬਾਅਦ ਇਸ ਤਰ੍ਹਾਂ ਦੀ ਕੈਬਨਿਟ ਬੈਠਕ ਅੱਜ ਹੋਈ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਏਜੰਡਾ ਕਾਫੀ ਸੀ ਪਰ ਪਿਛਲੇ ਤਿੰਨ ਹਫਤੇ ਤੋਂ ਚੱਲ ਰਿਹਾ ਮੁੱਖ ਸਕੱਤਰ ਦੇ ਹਾਜ਼ਰ ਹੋਣ ’ਤੇ ਕੈਬਨਿਟ ਵੱਲੋਂ ਮੀਟਿੰਗ ’ਤੇ ਸ਼ਾਮਲ ਹੋਣ ਦਾ ਮੁੱਦਾ ਸੀ। ਮੁੱਖ ਸਕੱਤਰ ਨੇ ਅੱਜ ਬੈਠਕ ਵਿਚ ਆਪਣੇ ਵਤੀਰੇ ਲਈ ਮਾਫੀ ਮੰਗੀ ਅਤੇ ਅੱਗੇ ਸ਼ਿਕਾਇਤ ਦਾ ਮੌਕਾ ਨਾ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨੇ ਅੱਜ ਤੀਸਰੀ ਵਾਰ ਮਾਫੀ ਮੰਗੀ ਹੈ, ਜਿਸ ਤੋਂ ਬਾਅਦ ਸਾਰਿਆਂ ਨੇ ਇਕਮਤ ਰਾਏ ਨਾਲ ਉਨ੍ਹਾਂ ਨੂੰ ਮਾਫ ਕਰ ਦਿੱਤਾ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਅਫਸਰਸ਼ਾਹੀ ਤੇ ਜਨਤਾ ਦੇ ਨੇਤਾਵਾਂ ਨਾਲ ਵਾਦ-ਵਿਵਾਦ ਪਹਿਲੀ ਤੇ ਆਖਰੀ ਵਾਰ ਨਹੀਂ ਹੈ। ਅਫਸਰਸ਼ਾਹੀ 35 ਸਾਲ ਕੰਮ ਕਰਦੇ ਹਨ ਤਾਂ ਵਿਧਾਇਕ ਪੰਜ ਸਾਲ ਕੰਮ ਕਰਦਾ ਹੈ, ਅਜਿਹੇ ਵਿਚ ਵਿਵਾਦ ਹੋਣਾ ਸੁਭਾਵਕ ਹੈ ਪਰ ਇਸ ਵਿਚ ਅਖੀਰ ਲੋਕਤੰਤਰ ਦੀ ਜਿੱਤ ਹੋਈ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਮੁੱਖ ਸਕੱਤਰ ਦੇ ਬੇਟੇ ਨੂੰ ਲੈ ਕੇ ਜਾਂਚ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੇ ਲਿਖਤ ਵਿਚ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਸ਼ਰਾਬ ਦਾ ਕੰਮ ਪੰਜਾਬ ਵਿਚ ਨਹੀਂ ਕਰਦਾ।