The driving test process will : ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਨਿਯਮਤ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਡਰਾਈਵਿੰਗ ਟੈਸਟ ਦੇਣ ਸਬੰਧੀ ਸਮਾਂ ਅਤੇ ਮਿਤੀ ਦੀ ਪ੍ਰੀ-ਬੁਕਿੰਗ ਕਰਨ ਦੀ ਸਹੂਲਤ ਲਈ ਇਕ ਆੱਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਡਰਾਈਵਿੰਗ ਟੈਸਟ ਦੇ ਇਸ ਮੰਤਵ ਲਈ ਡਰਾਈਵਿੰਗ ਟ੍ਰੈਕ 1 ਜੂਨ, 2020 ਤੋਂ ਕਾਰਜ਼ਸੀਲ ਹੋ ਜਾਣਗੇ। ਹੁਣ ਕੋਈ ਵਿਅਕਤੀ ਸਿਰਫ ਬੁਕਿੰਗ ਅਨੁਸਾਰ ਹੀ ਟੈਸਟ ਦੇ ਸਕੇਗਾ ਅਤੇ ਅਧਿਕਾਰੀਆਂ ਦੀਆਂ ਆਪਣੀ ਮਰਜ਼ੀ ਅਨੁਸਾਰ ਟੈਸਟ ਆਯੋਜਿਤ ਕਰਾਉਣ ਸਬੰਧੀ ਸ਼ਕਤੀਆਂ ਵਾਪਸ ਲੈ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਜੇਕਰ ਕੋਈ ਵੀ ਵਿਅਕਤੀ ਬੁੱਕ ਕੀਤੇ ਸਮੇਂ ’ਤੇ ਹਾਜ਼ਰ ਨਹੀਂ ਹੁੰਦਾ ਤਾਂ ਟੈਸਟ ਸਬੰਧੀ ਸਮਾਂ ਦੁਬਾਰਾ ਬੁੱਕ ਕਰਨਾ ਪਏਗਾ। ਇਹ ਜਾਣਕਾਰੀ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਦਿੱਤੀ।
ਟਰਾਂਸਪੋਰਟ ਕਮਿਸ਼ਨਰ ਨੇ ਦੱਸਿਆ ਕਿ ਆਪਣੀ ਵਾਰੀ ਤੋਂ ਪਹਿਲਾਂ ਟੈਸਟ ਦੇਣਾ ਜਾਂ ਬਿਨਾਂ ਬੁਕਿੰਗ ਕਰਵਾਏ ਟੈਸਟ ਦੇਣਾ ਕਿਸੇ ਵਿਅਕਤੀ ਲਈ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨਾਲ ਹੁੰਦੇ ਸ਼ੋਸ਼ਣ ਨੂੰ ਵੀ ਰੋਕਿਆ ਜਾ ਸਕੇਗਾ। ਡਾ: ਅਮਰਪਾਲ ਸਿੰਘ ਨੇ ਅੱਗੇ ਕਿਹਾ ਕਿ ਇਕ ਹੋਰ ਵਿਸ਼ੇਸ਼ਤਾ ਜੋ ਯੋਗ ਕੀਤੀ ਗਈ ਹੈ ਉਹ ਹੈ ਕਿ ਲਾਇਸੈਂਸ ਦੇ ਟੈਸਟ ਦਾ ਨਤੀਜਾ ਅਤੇ ਲਾਇਸੈਂਸ ਬਣਾਉਣ ਸਬੰਧੀ ਪ੍ਰਕਿਰਿਆ ਇੱਕੋ ਦਿਨ ਹੀ ਸ਼ੁਰੂ ਕੀਤੀ ਜਾਵੇਗੀ। ਹਰੇਕ ਟ੍ਰੈਕ ’ਤੇ ਉਪਲਬਧ ਸਲਾਟਸ ਦੀ ਗਿਣਤੀ 40 ਤੱਕ ਸੀਮਿਤ ਕਰ ਦਿੱਤੀ ਗਈ ਹੈ ਤਾਂ ਜੋ ਕੋਵਿਡ 19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ। ਜਨਤਾ ਦੀ ਹੋਰ ਸਹੂਲਤ ਲਈ ਹੁਣ ਵਿਅਕਤੀ ਆਪਣੀ ਪ੍ਰੀਖਿਆ ਦੇਣ ਲਈ ਜ਼ਿਲ੍ਹੇ ਵਿਚ ਕਿਸੇ ਵੀ ਟਰੈਕ ਦੀ ਚੋਣ ਕਰ ਸਕੇਗਾ ਜਦਕਿ ਪਹਿਲਾਂ ਸਿਰਫ ਇਕ ਹੀ ਟੈਸਟ ਟ੍ਰੈਕ ਚੁਣਨਾ ਪੈਂਦਾ ਸੀ
ਉਨ੍ਹਾਂ ਕਿਹਾ ਕਿ ਲਰਨਰ ਲਾਇਸੈਂਸ ਬਾਰੇ ਪਹਿਲਾਂ ਵਾਲੀ ਵਿਧੀ ਹੀ ਜਾਰੀ ਰਹੇਗੀ ਅਤੇ ਜਨਤਾ ਇਹ ਲਾਇਸੈਂਸ, 500 ਤੋਂ ਵੱਧ ਸੇਵਾ ਕੇਂਦਰਾਂ ਅਤੇ ਆਰਟੀਏ / ਐਸਡੀਐਮ ਦਫਤਰਾਂ ਤੋਂ ਪ੍ਰਾਪਤ ਕਰਨ ਦੇ ਯੋਗ ਹੋਵੇਗੀ। “ਮੋਟਰ ਵਹੀਕਲ ਐਕਟ 1988 ਦੇ ਤਹਿਤ ਜਾਰੀ ਕੀਤੇ ਸਾਰੇ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਕੋਈ ਦੇਰੀ ਫੀਸ ਨਹੀਂ ਲਈ ਜਾਏਗੀ, ਜਿਸ ਵਿੱਚ ਫਰਵਰੀ 2020 ਤੋਂ ਬਾਅਦ ਖਤਮ ਹੋਏ ਡਰਾਈਵਿੰਗ ਲਾਇਸੈਂਸ ਵੀ ਸ਼ਾਮਲ ਹਨ ।“ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਟੈਸਟ ਦੇਣ ਸਬੰਧੀ ਪੂਰਵ ਬੁਕਿੰਗ ਲਈ ਕੋਈ ਵੀ ਵੈੱਬਸਾਈਟ ’ਤੇ ਲੌਗਇਨ ਕਰ ਸਕਦਾ ਹੈ।