ਲੁਧਿਆਣਾ ’ਚ ਸਿਹਤ ਵਿਭਾਗ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਲੁਧਿਆਣਾ ਦੇ ਮਾਡਲ ਟਾਊਨ ਦੇ ਐਚਐਮਸੀ ਹਸਪਤਾਲ ਵਿਚ ਦਾਖਲ ਇਕ 22 ਸਾਲਾ ਲੜਕੀ ਦੀ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਰਿਸ਼ਤੇਦਾਰਾਂ ਨੇ ਹਸਪਤਾਲ ਪ੍ਰਬੰਧਕਾਂ ’ਤੇ ਗਲਤ ਇਲਾਜ ਦਾ ਦੋਸ਼ ਲਾਉਂਦਿਆਂ ਹੰਗਾਮਾ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਤਾਨਿਆ ਸ਼ਰਮਾ ਦੇ ਮਾਪਿਆਂ ਨੇ ਦੱਸਿਆ ਕਿ ਗਲੇ ਵਿਚ ਕੁਝ ਸਮੱਸਿਆ ਹੋਣ ਕਾਰਨ ਉਸ ਨੂੰ 1 ਜੂਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਦੇ ਆਪ੍ਰੇਸ਼ਨ ਦੀ ਗੱਲ ਕਹੀ ਸੀ। ਆਪ੍ਰੇਸ਼ਨ ‘ਤੇ 800000 ਖਰਚਾ ਆਉਣ ਦੀ ਗੱਲ ਕਹੀ ਸੀ, ਜੋ ਉਨ੍ਹਾਂ ਨੇ ਜਮ੍ਹਾ ਕਰਵਾ ਦਿੱਤੇ ਸਨ।
ਬੀਤੇ ਦਿਨੀਂ ਉਨ੍ਹਾਂ ਨੂੰ ਧੀ ਦਾ ਟੈਸਟ ਕਰਵਾਉਣ ਲਈ ਕਿਹਾ ਸੀ, ਜਿਸ ਦੀ ਰਿਪੋਰਟ ਨੂੰ ਵੇਖਦਿਆਂ ਡਾਕਟਰ ਨੇ ਮੰਨਿਆ ਕਿ ਆਪ੍ਰੇਸ਼ਨ ਦੌਰਾਨ ਕੋਈ ਗਲਤੀ ਹੋਈ ਹੈ ਅਤੇ ਦੁਬਾਰਾ ਆਪ੍ਰੇਸ਼ਨ ਕਰਨਾ ਪਏਗਾ। ਮ੍ਰਿਤਕਾ ਦੀ ਮਾਂ ਨੇ ਦੋਸ਼ ਲਾਇਆ ਕਿ ਦੇਰ ਰਾਤ ਉਹ ਆਪਣੀ ਲੜਕੀ ਨੂੰ ਆਈਸੀਯੂ ਵਾਰਡ ਵਿੱਚ ਠੀਕ-ਠਾਕ ਛੱਡ ਕੇ ਗਈ ਸੀ। ਵੀਡੀਓ ਕਾਲ ਰਾਹੀਂ ਉਸ ਨਾਲ ਗੱਲਬਾਤ ਕੀਤੀ।
ਪਰ ਸਵੇਰੇ ਪਤਾ ਲੱਗਾ ਕਿ ਉਸ ਨੂੰ ਕੋਰੋਨਾ ਹੋ ਗਿਆ ਸੀ ਅਤੇ ਉਸ ਨੂੰ ਰਾਤੋ-ਰਾਤ ਕੋਰੋਨਾ ਵਾਰਡ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਜਦੋਂ ਉਨ੍ਹਾਂ ਦੀ ਧੀ ਨੂੰ ਦਾਖਲ ਕੀਤਾ ਗਿਆ ਸੀ, ਤਾਂ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਸੀ। ਉਸ ਨੂੰ ਪਿਛਲੇ 14 ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਇਸ ਲਈ ਉਸ ਨੂੰ ਕੋਰੋਨਾ ਕਿੱਥੋਂ ਹੋਇਆ?
ਇਹ ਵੀ ਪੜ੍ਹੋ : ਲੁਧਿਆਣਾ ‘ਚ 25 ਜੂਨ ਤੱਕ ਵਧਿਆ ਕਰਫਿਊ, ਇਸ ਸ਼ਰਤ ਨਾਲ ਖੁੱਲ੍ਹਣਗੇ ਰੈਸਟੋਰੈਂਟਸ, ਸਿਨੇਮਾ ਹਾਲ ਤੇ ਜਿਮ
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਆਪਣੀ ਗ਼ਲਤੀ ਨੂੰ ਲੁਕਾਉਣ ਲਈ ਹਸਪਤਾਲ ਵੱਲੋਂ ਇਹ ਸਭ ਕੀਤਾ ਗਿਆ ਸੀ ਅਤੇ ਹਸਪਤਾਲ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਇਸ ਘਟਨਾ ਸਬੰਧੀ ਇੱਕ ਫੋਨ ਆਇਆ ਸੀ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟ ਮਾਰਟਮ ਹੋਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।