The groom cheated on the girl : ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਛੇਹਰਟਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਲੜਕੀ ਆਪਣੇ ਪਰਿਵਾਰ ਨਾਲ ਹੱਥਾਂ ਵਿੱਚ ਚੂੜਾ ਪਾਈ ਪੂਰੇ ਵਿਆਹ ਦੀਆਂ ਤਿਆਰੀਆਂ ਨਾਲ ਆਪਣੇ ਪਰਿਵਾਰ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਣੇ ਲਾੜੇ ਦੀ ਉਡੀਕ ਕਰਦੀ ਰਹੀ ਪਰ ਉਸ ਦੇ ਲਾੜੇ ਨੇ ਉਸ ਨੂੰ ਫੋਨ ਕਰਕੇ ਵਿਆਹ ਲਈ ਮਨ੍ਹਾ ਕਰ ਦਿੱਤਾ। ਲੜਕੀ ਨੇ ਦੱਸਿਆ ਕਿ 5 ਸਾਲ ਪਹਿਲਾਂ ਉਸ ਨੂੰ ਰੌਂਗ ਨੰਬਰ ਆਇਆ ਸੀ ਤੇ ਉਸ ਤੋਂ ਬਾਅਦ ਹੀ ਉਨ੍ਹਾਂ ਦੀ ਗੱਲਬਾਤ ਪਿਆਰ ਵਿੱਚ ਬਦਲ ਗਈ।। ਪਰ ਇਸ ਰੌਂਗ ਨੰਬਰ ਨੇ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਲੜਕੀ ਨੇ ਇਸ ਸੰਬੰਧੀ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ। ਉਸ ਨੇ ਆਪਣੇ ਹੱਥਾਂ ਵਿੱਚ ਅਜੇ ਵੀ ਲਾਲ ਚੂੜਾ ਪਾਇਆ ਹੋਇਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਹ ਚੂੜਾ ਉਹ ਉਸ ਸਮੇਂ ਹੀ ਉਤਾਰੇਗੀ ਜਦੋਂ ਉਸ ਨੂੰ ਇਨਸਾਫ ਮਿਲੇਗਾ।
ਉਹ ਪੰਜ ਸਾਲਾਂ ਤੋਂ ਲੜਕੇ ਨਾਲ ਰਿਲੇਸ਼ਨ ਵਿੱਚ ਹੈ। ਉਸ ਨੇ ਦੱਸਿਆ ਕਿ ਲੜਕੇ ਨੇ ਪਹਿਲਾਂ ਵੀ ਦੋ ਵਾਰ ਉਸ ਨੂੰ ਇਸੇ ਤਰ੍ਹਾਂ ਵਿਆਹ ਦਾ ਝਾਂਸਾ ਦਿੱਤਾ ਸੀ, ਜਿਸ ਸੰਬੰਧੀ ਉਸ ਨੇ ਪਹਿਲਾਂ ਕਮਿਸ਼ਨਰ ਸਾਹਿਬ ਨੂੰ ਅਰਜ਼ੀ ਦਿੱਤੀ ਸੀ। ਉਨ੍ਹਾਂ ਨੇ ਇਹ ਮਾਮਲਾ ਵੁਮੈਨ ਸੈੱਲ ਵੱਲ ਭੇਜ ਦਿੱਤਾ। ਜਿਥੇ ਦੋ ਵਾਰ ਲੜਕੇ ਨੇ ਲਿਖਤੀ ਤੌਰ ’ਤੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਏਗਾ ਪਰ ਉਹ ਦੋਵੇਂ ਵਾਰ ਮੁਕਰ ਗਿਆ। ਇਸ ਤੋਂ ਬਾਅਦ ਉਸ ਨੇ ਫਿਰ ਲੜਕੇ ਖਿਲਾਫ ਪਰਚਾ ਦਰਜ ਕਰਵਾਇਆ ਤਾਂ ਥਾਣੇ ਤੋਂ ਐਸਐਚਓ ਨੇ ਕਿਹਾ ਕਿ ਲੜਕਾ ਵਿਆਹ ਕਰਵਾਉਣ ਲਈ ਰਾਜ਼ੀ ਹੈ। ਉਸ ਨੇ ਦੱਸਿਆ ਕਿ 16 ਅਕਤੂਬਰ ਨੂੰ 11 ਵਜੇ ਐਸਐਚਓ ਛੁੱਟੀ ’ਤੇ ਸੀ ਤੇ ਸਬ-ਇੰਸਪੈਕਟਰ ਦੀ ਡਿਊਟੀ ਸੀ। ਮੌਕੇ ’ਤੇ ਮੌਜੂਦ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਲੜਕੇ ਨੇ ਵਿਆਹ ਲਈ ਹਾਮੀ ਭਰ ਦਿੱਤੀ ਪਰ ਉਸ ਦਿਨ ਆਧਾਰ ਕਾਰਡ ਦਾ ਬਹਾਨਾ ਲਗਾ ਦਿੱਤਾ ਤੇ ਵਿਆਹ 18 ਤਰੀਕ ਨੂੰ ਵਿਆਹ ਨੂੰ ਹੋਣਾ ਤੈਅ ਹੋਇਆ।
ਉਸ ਨੇ ਫਿਰ ਵਿਆਹ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਪਰ ਇਸ ਵਾਰ ਵੀ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਭੈਣ-ਭਰਾਵਾਂ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਲੜਕੇ ਦੀ ਉਡੀਕ ਕਰਦੀ ਰਹੀ ਪਰ ਲੜਕੇ ਨੇ ਫੋਨ ਕਰਕੇ ਉਸ ਨੂੰ ਕਿਹਾ ਕਿ ਤੂੰ ਮੇਰੇ ਮਾਪਿਆਂ ਦੀ ਬੇਇਜ਼ਤੀ ਕੀਤੀ ਹੈ ਤਾਂ ਮੈਂ ਵੀ ਤੇਰੇ ਪਰਿਵਾਰ ਦੀ ਬੇਇਜ਼ਤੀ ਕਰਨ ਲਈ ਤੇਰੇ ਨਾਲ ਵਿਆਹ ਦਾ ਵਾਅਦਾ ਕੀਤਾ। ਲੜਕੀ ਦੀ ਮੰਗ ਹੈ ਕਿ ਹੁਣ ਉਹ ਲੜਕੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਪਰ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਲੜਕੇ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਲੜਕੀ ਨੇ ਦੱਸਿਆ ਕਿ ਲੜਕੇ ਨਾਲ ਉਸ ਦੀ ਗੱਲਬਾਤ ਫੋਨ ਰਾਹੀਂ ਹੋਈ ਸੀ।