The issue of torture in jail on Naudeep Kaur : ਪੰਜਾਬ ਦੀ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਕੇਂਦਰ ਦੇ ਤਿੰਨ ਖੇਤ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੌਰਾਨ ਜੇਲ੍ਹ ਵਿੱਚ ਬੰਦ ਮਜ਼ਦੂਰ ਕਾਰਕੁੰਨ ਨੋਦੀਪ ਕੌਰ ਅਤੇ ਉਸ ਦੇ ਸਾਥੀ ਸ਼ਿਵ ਕੁਮਾਰ ਵੱਲੋਂ ਜੇਲ੍ਹ ਵਿੱਚ ਕੀਤੇ ਗਏ ਤਸ਼ੱਦਦ ਦੇ ਦੋਸ਼ਾਂ ਦਾ ਮੁੱਦਾ ਆਮ ਆਦਮੀ ਪਾਰਟੀ ਨੇ ਚੁੱਕਿਆ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਹਾਊਸ ਕਮੇਟੀ ਦਾ ਗਠਨ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਮੇਟੀ ਆਮ ਆਦਮੀ ਪਾਰਟੀ ਦੇ ਮੈਂਬਰ ਕੰਵਰ ਸੰਧੂ ਦੀ ਮੰਗ ’ਤੇ ਬਣਾਈ ਗਈ ਹੈ।
ਸੰਧੂ ਨੇ ਵਿਧਾਨ ਸਭਾ ਵਿੱਚ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਸੰਬੋਧਨ ਦੇ ਧੰਨਵਾਦ ਦੇ ਪ੍ਰਸਤਾਵ ’ਤੇ ਵਿਚਾਰ ਵਟਾਂਦਰੇ ਦੇ ਜਵਾਬ ਵਿੱਚ ਆਪਣਾ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਕਿਹਾ ਕਿ ਮਜ਼ਦੂਰ ਕਾਰਕੁੰਨ ਨੋਦੀਪ ਕੌਰ ਅਤੇ ਉਸਦੇ ਸਾਥੀ ਸ਼ਿਵ ਕੁਮਾਰ ਨੇ ਜੇਲ੍ਹਾਂ ਵਿੱਚ ਤਸ਼ੱਦਦ ਕਰਨ ਦਾ ਦੋਸ਼ ਲਗਾਇਆ ਹੈ ਇਸ ਲਈ ਇਸ ਮਾਮਲੇ ਦੀ ਜਾਂਚ ਲਈ ਇੱਕ ਪੈਨਲ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਮਜ਼ਦੂਰ ਕਾਰਕੁੰਨ ਨੌਦੀਪ ਕੌਰ ਅਤੇ ਉਸ ਦੇ ਸਾਥੀ ਨੂੰ ਅਦਾਲਤ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਨੌਦੀਪ ਕੌਰ ਬੀਤੀ 26 ਫਰਵਰੀ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋਈ ਸੀ ਅਤੇ ਬੀਤੇ ਦਿਨ ਸ਼ਿਵ ਕੁਮਾਰ ਦੀ ਵੀ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਿਆ। ਕਿਰਤ ਕਾਰਕੁੰਨ ਸ਼ਿਵ ਕੁਮਾਰ ਦੀ ਮੈਡੀਕਲ ਜਾਂਚ ਵਿੱਚ ਆਪਣੀ ਪੁਲਿਸ ਹਿਰਾਸਤ ਦੌਰਾਨ ਸੋਨੀਪਤ ਪੁਲਿਸ ਦੁਆਰਾ ਕੀਤੇ “ਤਸ਼ੱਦਦ” ਗੱਲ ਸਾਹਮਣੇ ਆਈ ਸੀ। ਅਤੇ ਨੌਦੀਪ ਕੌਰ ਨੇ ਵੀ ਪੁਲਿਸ ‘ਤੇ ਦੋਸ਼ ਲਗਾਇਆ ਸੀ ਕਿ ਉਸ ਨੂੰ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਵਿਚ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਅਤੇ ਸੀਆਰਪੀਸੀ ਦੀ ਧਾਰਾ 54 ਅਧੀਨ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਕੋਈ ਡਾਕਟਰੀ ਜਾਂਚ ਕੀਤੀ ਗਈ ਸੀ। ਉਸ ਨੇ ਪੁਲਿਸ ‘ਤੇ ਬੁਰੀ ਤਰ੍ਹਾਂ ਮਾਰਨ-ਕੁੱਟਣ ਦੇ ਦੋਸ਼ ਲਗਾਏ ਸਨ।