The Jalandhar administration : ਜਲੰਧਰ ਵਿਖੇ ਕੋਵਿਡ-19 ਸੰਕਟ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਕਾਫੀ ਛੋਟਾਂ ਦਿੱਤੀਆਂ ਗਈਆਂ ਹੈ, ਜਿਸ ਅਧੀਨ ਜਲੰਧਰ ਵਿਚ ਸੈਲੂਨ, ਦੁਕਾਨਾਂ ਅਤੇ ਪ੍ਰਾਈਵੇਟ ਦਫਤਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਹ ਹੁਕਮ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਦੇਰ ਰਾਤ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿਚ ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਘਰੋਂ ਬਾਹਰ ਨਿਕਲਣ ’ਤੇ ਪਾਬੰਦੀ ਲਗਾਈ ਗਈ ਹੈ। ਨਵੇਂ ਜਾਰੀ ਹੁਕਮਾਂ ਮੁਤਾਬਕ ਜਲੰਧਰ ਵਿਚ ਸਾਰੇ ਵਪਾਰਕ ਸੰਸਥਾਨ, ਦੁਕਾਨਾਂ ਅਤੇ ਪ੍ਰਾਈਵੇਟ ਤੇ ਸਰਕਾਰੀ ਦਫਤਰ ਅਤੇ ਸੈਲੂਨ ਆਦਿ ਹੋਰ ਸਰਗਰਮੀਆਂ ਸਵੇਰੇ 7 ਵਜੇ ਤੋਂ ਸਾਮ 6 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ।
ਜ਼ਿਲੇ ਵਿਚ ਨਿਰਮਾਣ ਅਤੇ ਖੇਤੀਬਾੜੀ ਨਾਲ ਜੁੜੀਆਂ ਸਰਗਰਮੀਆਂ ਨੂੰ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਖੇਡ ਕੰਪਲੈਕਸ ਵੀ ਬਿਨਾਂ ਦਰਸ਼ਕਾਂ ਦੇ ਖੋਲ੍ਹੇ ਜਾ ਰਹੇ ਹਨ। ਮਾਲ ਢੋਹਣ ਵਾਲੀਆਂ ਗੱਡੀਆਂ ਅਤੇ ਟਰੱਕਾਂ ਨੂੰ ਮਨਾਹੀ ਦੇ ਹੁਕਮ ਨਹੀਂ ਹੋਣਗੇ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਪਾਸ ਦੀ ਲੋੜ ਹੋਵੇਗੀ। ਸਾਰੇ ਪ੍ਰਾਈਵੇਟ, ਸਰਕਾਰੀ ਦਫਤਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹ ਸਕਣਗੇ। ਇਸ ਤੋਂ ਇਲਾਵਾ ਸ਼ਹਿਰੀ ਏਰੀਆ ਵਿਚ ਭੀੜਭਾੜ ਵਾਲੀਆਂ ਥਾਵਾਂ ’ਤੇ ਜਿਥੇ ਦੁਕਾਨਾਂ ਅਤੇ ਰੇਹੜੀਆਂ ਹਨ, ਉਥੇ ਸਬੰਧਤ ਐਸਡੀਐਮ, ਡੀਐਸਪੀ ਅਤੇ ਮਾਰਕੀਟ ਐਸੋਸੀਏਸ਼ਨ ਦੀ ਆਪਸੀਸਹਿਮਤੀ ਨਾਲ ਭੀੜ ਘਟਾਉਣ ਲਈ ਆਡ-ਈਵਨ ਸਿਸਟਮ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੋਵਿਡ-19 ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਜਿਨ੍ਹਾਂ ਵਿਚ 6 ਫੁੱਟ ਦੀ ਦੂਰੀ ਯਕੀਨੀ ਬਣਾਉਣਾ, ਬਾਹਰ ਜਾਂਦੇ ਸਮੇਂ ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ’ਤੇ ਥੁੱਕਣ ’ਤੇ ਮਨਾਹੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਡਾਕਟਰ, ਮੈਡੀਕਲ ਸਟਾਫ, ਨਰਸ, ਪੈਰਾਮੈਡੀਕਲ ਸਟਾਫ, ਸੈਨੀਟੇਸ਼ਨ ਸਟਾਫ ਅਤੇ ਐਂਬੂਲੈਂਸ ਦੀ ਮੂਵਮੈਂਟ ਨੂੰ ਕਿਸੇ ਤਰ੍ਹਾਂ ਦੀ ਮਨਾਹੀ ਨਹੀਂ ਹੋਵੇਗੀ। ਅੰਤਰਰਾਜੀ ਟਰਾਂਸਪੋਰਟ ਦੀ ਆਵਾਜਾਈ ਨੂੰ ਵੀ ਮਨਜ਼ੂਰੀ ਰਹੇਗੀ ਪਰ ਉਸ ਦੇ ਲਈ ਆਪਸੀ ਸਹਿਮਤੀ ਜ਼ਰੂਰੀ ਹੈ। ਸੂਬਾ ਟਰਾਂਸਪੋਰਡ ਵਿਭਾਗ ਦੇ ਹੁਕਮਾਂ ਮੁਤਾਬਕ ਟੈਕਸੀ ਅਤੇ ਕੈਬ ਨੂੰ ਵੀ ਮਨਜ਼ੂਰੀ ਦਿੱਤੀ ਜਾਵੇਗੀ। ਸਾਈਕਲ, ਰਿਕਸ਼ਾ ਅਤੇ ਆਟੋਰਿਕਸ਼ਾ, ਦੋ ਪਹੀਆ ਵਾਹਨ ਅਤੇ ਕਾਰ ਆਦਿ ਲਈ ਵੀ ਸੂਬਾ ਟਰਾਂਸਪੋਰਟ ਵਿਭਾਗ ਦੇ ਹੁਕਮ ਲਾਗੂ ਕੀਤੇ ਜਾਣਗੇ। ਜ਼ਿਲੇ ਵਿਚ ਚੱਲਣ ਵਾਲੇ ਵਾਹਨ ਸਮਰੱਥਾ ਤੋਂ ਅੱਧੀਆਂ ਸਵਾਰੀਆਂ ਹੀ ਲਿਜਾ ਸਕਣਗੇ।