The man killed three children : ਬਠਿੰਡਾ ਵਿੱਚ ਵੀਰਵਾਰ ਸਵੇਰੇ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਵਿੱਚ ਇੱਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਇੱਕ ਮਹੀਨੇ ਪਹਿਲਾਂ ਆਪਣੀ ਪਤਨੀ ਦੀ ਮੌਤ ਤੋਂ ਦੁਖੀ ਸੀ ਅਤੇ ਰਿਸ਼ਤੇਦਾਰਾਂ ਤੋਂ ਨਾਰਾਜ਼ ਸੀ। ਇਸ ਗੱਲ ਦਾ ਖੁਲਾਸਾ ਉਸ ਨੇ 8 ਪੰਨਿਆਂ ਦੇ ਇੱਕ ਸੁਸਾਈਡ ਨੋਟ ਵਿੱਚ ਕੀਤਾ।

ਮ੍ਰਿਤਕ ਦੀ ਪਛਾਣ 35 ਸਾਲਾ ਬੇਅੰਤ ਸਿੰਘ ਵਜੋਂ ਹੋਈ ਹੈ। ਉਹ ਰਿਕਸ਼ਾ ਚਲਾ ਕੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀ। ਬੱਚਿਆਂ ਵਿਚ 7 ਸਾਲ ਦਾ ਬੇਟਾ ਪ੍ਰਭਜੋਤ ਸਿੰਘ, 3 ਸਾਲ ਦੀ ਬੇਟੀ ਖੁਸ਼ਪ੍ਰੀਤ ਕੌਰ ਅਤੇ ਇਕ ਸਾਲ ਦੀ ਧੀ ਸੁਖਪ੍ਰੀਤ ਕੌਰ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੇਅੰਤ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਦੀ ਇੱਕ ਮਹੀਨੇ ਪਹਿਲਾਂ ਕੈਂਸਰ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਣ ਲੱਗਾ ਅਤੇ ਅੱਜ ਇਸ ਕਾਰਨ ਉਸਨੇ ਇਹ ਖੌਫਾਨਾਕ ਕਦਮ ਚੁੱਕਿਆ। ਉਸ ਨੇ ਬੱਚਿਆਂ ਦਾ ਰਸੀ ਨਾਲ ਗਲਾ ਘੋਟ ਕੇ ਕਤਲ ਕੀਤਾ ਤੇ ਫਿਰ ਦੋ ਬੱਚਿਆਂ ਦੀਆਂ ਲਾਸ਼ਾਂ ਮੰਜੀ ‘ਤੇ ਟੰਗ ਦਿੱਤੀਆਂ ਅਤੇ ਇੱਕ ਲਾਸ਼ ਨੂੰ ਪੱਖੇ ਦੀ ਹੁਕ ਨਾਲ ਲਟਕਾ ਦਿੱਤਾ। ਘਟਨਾ ਬੁੱਧਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਚਾਰ ਲਾਸ਼ਾਂ ਨੂੰ ਰਾਮਪੁਰਾ ਸਿਵਲ ਹਸਪਤਾਲ ਵਿਖੇ ਸਥਿਤ ਮੋਰਚਰੀ ਲਈ ਭੇਜ ਦਿੱਤਾ।

ਸੁਸਾਈਡ ਨੋਟ ਵਿੱਚ ਵਿਚ ਉਸਨੇ ਲਿਖਿਆ ਹੈ ਕਿ ਮੈਂ ਆਪਣੀ ਪਤਨੀ ਤੋਂ ਬਿਨਾਂ ਨਹੀਂ ਰਹਿ ਸਕਦਾ। ਉਸ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ ਮੁਸ਼ਕਲ ਹੋ ਗਈ ਹੈ ਅਤੇ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ। ਮੇਰੀ ਮੌਤ ਤੋਂ ਬਾਅਦ ਕਿਸੇ ਵੀ ਰਿਸ਼ਤੇਦਾਰ ਨੂੰ ਤਿਣਕਾ ਵੀ ਨਾ ਚੁੱਕਣ ਦਿਓ। ਕਣਕ ਅਤੇ ਹੋਰ ਸਮਾਨ ਤੋਂ ਇਲਾਵਾ ਘਰ ਵੇਚ ਕੇ ਗੁਰਦੁਆਰੇ ’ਚ ਦੇ ਦੇਣਾ। ਪੁਲਿਸ ਨੇ ਚਾਰਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧ ਵਿੱਚ ਥਾਣਾ ਭਗਤ ਭਾਈਕਾ ਦੇ ਐਸਐਚਓ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਮ੍ਰਿਤਕ ਬੇਅੰਤ ਸਿੰਘ ਖਿਲਾਫ ਬੱਚਿਆਂ ਦੇ ਕਤਲ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰ ਰਹੀ ਹੈ। ਚਾਰੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਕੇ ‘ਤੇ ਮਿਲੇ ਸੁਸਾਈਡ ਨੋਟ ਅਤੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਦੇ ਅਧਾਰ’ ਤੇ ਵੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।






















