The mother stopped playing games : ਗੁਰਦਾਸਪੁਰ : ਅੱਜਕਲ ਬੱਚਿਆਂ ਵਿੱਚ ਸਮਾਂ ਬਿਤਾਉਣ ਲਈ ਜਾਂ ਤਾਂ ਮੋਬਾਈਲ ਜਾਂ ਫਿਰ ਕੋਈ ਨਾ ਕੋਈ ਵੀਡੀਓ ਗੇਮ ਖੇਡਣ ਦੀ ਆਦਤ ਆਮ ਦੇਖੀ ਜਾ ਰਹੀ ਹੈ। ਹੌਲੀ-ਹੌਲੀ ਉਹ ਇਸ ਦੇ ਇਸ ਹੱਦ ਤੱਕ ਆਦੀ ਹੋ ਜਾਂਦੇ ਹਨ ਕਿ ਜਦੋਂ ਉਨ੍ਹਾਂ ਨੂੰ ਇਸ ਤੋਂ ਰੋਕਿਆ ਜਾਵੇ ਤਾਂ ਉਹ ਇਸ ਗੱਲ ਨੂੰ ਬਰਦਾਸ਼ਤ ਹੀ ਨਹੀਂ ਕਰਦੇ ਅਤੇ ਗੁੱਸੇ ਵਿੱਚ ਆ ਕੇ ਖੌਫਨਾਕ ਕਦਮ ਚੁੱਕ ਲੈਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜ਼ਿਲ੍ਹੇ ਦੇ ਬਲਾਕ ਦੋਰਾਂਗਲਾ ਦੇ ਪਿੰਡ ਮਲੂਕਚੱਕ ਵਿੱਚ, ਜਿਥੇ ਦਸਵੀਂ ਦੀ 16 ਸਾਲਾ ਵਿਦਿਆਰਥਣ ਸਿਮਰਨਜੀਤ ਨੂੰ ਮਾਂ ਨੇ ਜਦੋਂ ਵੀਡੀਓ ਗੇਮ ਖੇਡਣ ਤੋਂ ਰੋਕਿਆ ਤਾਂ ਉਸ ਨੇ ਗੁੱਸੇ ਵਿੱਚ ਜ਼ਹਿਰੀਲੀ ਦਵਾਈ (ਸਲਫਾਸ) ਨਿਕਲ ਲਈ। ਘਟਨਾ ਮੰਗਲਵਾਰ ਸ਼ਾਮ ਛੇ ਵਜੇ ਦੀ ਹੈ। ਹਾਲਤ ਗੰਭੀਰ ਹੋਣ ’ਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਪੂਰੇ ਸਰੀਰ ਵਿੱਚ ਜ਼ਹਿਰ ਫੈਲ ਜਾਣ ਕਾਰਨ ਦੇਰ ਰਾਤ ਉਸ ਦੀ ਮੌਤ ਹੋ ਗਈ।
ਪਿੰਡ ਮਲੂਕਚੱਕ ਦੀ ਸਰਬਜੀਤ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਸਨ। ਵੱਡੀ ਧੀ ਸਿਮਰਜੀਤ ਨੂੰ ਪਹਿਲਾਂ ਪਬਜੀ ਗੇਮ ਖੇਡਣ ਦੀ ਆਦਤ ਸੀ। ਉਹ ਪੂਰਾ ਦਿਨ ਮੋਬਾਈਲ ਫੋਨ ’ਤੇ ਆਨਲਾਈਨ ਪਬਜੀ ਗੇਮ ਖੇਡਦੀ ਰਹਿੰਦੀ ਸੀ। ਪਹਿਲਾਂ ਤਾਂ ਸਕੂਲ ਜਾਂਦੀ ਸੀ ਅਤੇ ਸਕੂਲੋਂ ਆਉਣ ਤੋਂ ਬਾਅਦ ਗੇਮ ਖੇਡਦੀ ਸੀ, ਪਰ ਜਦੋਂ ਤੋਂ ਕੋਰੋਨਾ ਕਾਰਨ ਸਕੂਲ ਬੰਦ ਸੀ ਉਦੋਂ ਤੋਂ ਸਿਮਰਨਜੀਤ ਪੂਰੇ ਦਿਨ ਪਬਜੀ ਗੇਮ ’ਤੇ ਹੀ ਲੱਗੀ ਰਹਿੰਦੀ ਸੀ। ਜਦੋਂ ਉਹ ਗੇਮ ਖੇਡਣ ਤੋਕਦੀ ਸੀ ਤਾਂ ਨਾਰਾਜ਼ ਹੋ ਜਾਂਦੀ ਸੀ। ਹੁਣ ਸਰਕਾਰ ਨੇ ਪਬਜੀ ਗੇਮ ਬੰਦ ਕਰ ਦਿੱਤੀ ਹੈ। ਸਿਮਰਨਜੀਤ ਉਸ ਦਿਨ ਤੋਂ ਕਾਫੀ ਡਿਪ੍ਰੈਸ਼ਨ ਵਿੱਚ ਰਹਿੰਦੀ ਸੀ।
ਹੁਣ ਦੋ ਦਿਨ ਪਹਿਲਾਂ ਉਸ ਨੇ ਪਤਾ ਨਹੀਂ ਕਿਹੜੀ ਵੀਡੀਓ ਗੇਮ ਖੇਡਣੀ ਸ਼ੁਰੂ ਕਰ ਦਿੱਤੀ ਸੀ। ਫਿਰ ਪਹਿਲਾਂ ਵਾਂਗ ਉਹ ਉਸ ਗੇਮ ਵਿੱਚ ਪੂਰਾ ਦਿਨ ਬਿਤਾਉਣ ਲੱਗੀ। ਜਦੋਂ ਉਸ ਨੂੰ ਗੇਮ ਖੇਡਣ ਤੋਂ ਕੋਈ ਰੋਕਦਾ ਸੀ ਤਾਂ ਉਹ ਗੁੱਸੇ ਵਿੱਚ ਬੋਲਦੀ ਸੀ। ਮੰਗਲਵਾਰ ਦੁਪਹਿਰ ਉਹ ਵੀਡੀਓ ਗੇਮ ਖੇਡ ਰਹੀ ਸੀ। ਉਨ੍ਹਾਂ ਨੇ ਉਸ ਨੂੰ ਗੇਮ ਖੇਡਣ ਤੋਂ ਰੋਕਿਆ ਤਾਂ ਉਹ ਗੁੱਸੇ ਹੋ ਗਈ ਅਤੇ ਆਰਾਮ ਨਾਲ ਘਰ ਦੇ ਕਮਰੇ ਵਿੱਚ ਬੈਠ ਗਈ। ਉਸ ਤੋਂ ਬਾਅਦ ਉਹ ਆਪਣੀ ਛੋਟੀ ਧੀ ਨੂੰ ਨਾਲ ਲੈ ਕੇ ਦੋਰਾਂਗਲਾ ਸ਼ਹਿਰ ਵਿੱਚ ਦਵਾਈ ਲੈਣ ਚਲੀ ਗਈ। ਸਿਮਰਨਜੀਤ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਉਸ ਨੇ ਘਰ ਵਿੱਚ ਪਈ ਸਲਫਾਸ ਨਿਕਲ ਲਈ। ਥਾਣਾ ਦੋਰਾਂਗਲਾ ਦੀ ਇੰਚਾਰਜ ਮਨਜੀਤ ਕੌਰ ਦਾ ਕਹਿਣਾ ਹੈ ਕਿ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।