The panchayat disrespected : ਚੰਡੀਗੜ੍ਹ : ਜ਼ੀਰਕਪੁਰ ਅਧੀਨ ਪੈਂਦੇ ਪਿੰਡ ਸ਼ਤਾਬਗੜ੍ਹ ਦੀ ਪੰਚਾਇਤ ਵੱਲੋਂ ਇੱਕ ਵਿਅਕਤੀ ਨੂੰ ਬੇਇਜ਼ਤ ਕਰਨ ’ਤੇ ਉਹ ਇੰਨਾ ਮਾਨਸਿਕ ਤੌਰ ’ਤੇ ਤਣਾਅ ’ਚ ਆ ਗਿਆ ਕਿ ਉਸ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ 52 ਸਾਲਾ ਸ਼ਿਆਮ ਸਿੰਘ ਵਜੋਂ ਹੋਈ ਹੈ। ਮ੍ਰਿਤਕ ਕੋਲ ਮਿਲੇ ਸੁਸਾਈਡ ਨੋਟ ਵਿੱਚ ਉਸ ਨੇ ਪਿੰਡ ਦੀ ਪੰਚਾਇਤ ਵੱਲੋਂ ਕੀਤੀ ਗਈ ਬੇਇਜ਼ਤੀ ਨੂੰ ਆਪਣੀ ਖੁਦਕੁਸ਼ੀ ਦਾ ਕਾਰਨ ਦੱਸਿਆ। ਪੁਲਿਸ ਨੇ ਮ੍ਰਿਤਕ ਦੇ ਲੜਕੇ ਵਰਿੰਦਰ ਸਿੰਘ ਦੇ ਬਿਆਨ ’ਤੇ ਪਿੰਡ ਦੀ ਸਰਪੰਚ ਊਸ਼ਾ ਦੇਵੀ ਸਣੇ ਛੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਰਾਮੇਸ਼ਵਰ ਦਾਸ ਨੇ ਦੱਸਿਆ ਕਿ ਸਾਰੇ ਦੋਸ਼ੀ ਅਜੇ ਫਰਾਰ ਹਨ।
ਐੱਸਐੱਚਓ ਗੁਰਬੰਤ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਪੰਚਾਇਤ ਵੱਲੋਂ ਪਿੰਡ ਵਿੱਚ ਨਵੇਂ ਸਿਰੇ ਤੋਂ ਗਲੀਆਂ ਬਣਾਈਆਂ ਜਾ ਰਹੀਆਂ ਹਨ। ਇਸ ਦੌਰਾਨ ਪੰਚਾਇਤ ਵੱਲੋਂ ਉਨ੍ਹਾਂ ਦੇ ਬਾੜੇ ਦੇ ਬਾਹਰ ਉਨ੍ਹਾਂ ਦੀ ਜਗ੍ਹਾ ਵਿੱਚ ਪੰਚਾਇਤੀ ਜ਼ਮੀਨ ਦੱਸਦੇ ਹੋਏ ਗਲੀ ਬਣਾਈ ਜਾ ਰਹੀ ਸੀ। ਸ਼ਿਆਮ ਸਿੰਘ ਤੇ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਇਸ ਦਾ ਵਿਰੋਧ ਕਰਦੇ ਹੋਏ ਕੰਮ ਬੰਦ ਕਰਵਾ ਦਿੱਤਾ ਗਿਆ ਸੀ। ਇਸ ਤੋਂ ਤਹਿਸ਼ ਵਿੱਚ ਆਈ ਪਿੰਡ ਦੀ ਸਰਪੰਚ ਊਸ਼ਾ ਦੇਵੀ ਨੇ ਉਨ੍ਹਾਂ ਖਿਲਾਫ ਝੂਠਾ ਮਾਮਲਾ ਦਰਜ ਕਰਵਾ ਦਿੱਤਾ। ਪੁਲਿਸ ਨੇ ਸਿਆਸੀ ਦਬਾਅ ਦੇ ਚੱਲਦਿਆਂ ਮਾਮਲਾ ਦਰਜ ਕਰਨ ਲਿਆ। ਝੂਠਾ ਕੇਸ ਦਰਜ ਕਰਨ ਨੂੰ ਲੈ ਕੇ ਸਾਬਕਾ ਪੰਚ ਜੈ ਸਿੰਘ ਦੇ ਕੋਲ ਪਹੁੰਚੇ ਸਨ, ਜਿਸ ਵੱਲੋਂ ਪੰਚਾਇਤ ਬੁਲਾਈ ਗਈ।
ਪੰਚਾਇਤ ਵਿੱਚ ਊਸ਼ਾ ਦੇਵੀ, ਉਸ ਦੇ ਪਿਤਾ ਬਲਜੀਤ ਸਿੰਘ, ਪਿੰਡ ਦਾ ਸਾਬਕਾ ਸਰਪੰਚ ਜੈ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਤੇ ਜਗਪਾਲ ਸਿੰਘ ਵੱਲੋਂ ਉਸ ਦੇ ਪਿਤਾ ਨੂੰ ਮਾਫੀ ਮੰਗਣ ਲਈ ਦਬਾਅ ਬਣਾਇਆ ਗਿਆ। ਉਸ ਦੇ ਪਿਤਾ ਵੱਲੋਂ ਮਾਫੀ ਵੀ ਮੰਗੀ। ਪਿਤਾ ਨੇ ਆਪਣੀ ਪੱਗ ਉਨ੍ਹਾਂ ਦੇ ਪੈਰਾਂ ਵਿੱਚ ਰਖੀ, ਪਰ ਇਸ ਦੇ ਬਾਵਜੂਦ ਦੋਸ਼ੀਆਂ ਨੇ ਉਨ੍ਹਾਂ ਦੇ ਪਿਤਾ ਦੀ ਗੱਲ ਨਹੀਂ ਮੰਨੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਉਸ ਦੇ ਪਿਤਾ ਦੀ ਜੇਬ ਵਿੱਚ ਪੰਜਾਬ ’ਚ ਲਿਖੇ ਹੋਏ ਮਿਲੇ ਸੁਸਾਈਡ ਨੋਟ ਵਿੱਚ ਉਸ ਨੇ ਆਪਣੀ ਪੱਗ ਦੀ ਬੇਅਦਬੀ ਤੇ ਪੰਚਾਇਤ ਤੋਂ ਤੰਗ ਆ ਕੇ ਖੁਦਕੁਸੀ ਕਰਨ ਦੀ ਗੱਲ ਕਹੀ ਹੈ।