The sangats returning : ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੇ ਇਕਾਂਤਵਾਸ ਵਿੱਚ ਉਨ੍ਹਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਬੱਸਾਂ ਰਾਹੀਂ ਸ੍ਰੀ ਹਜ਼ੂਰ ਸਾਹਿਬ ਤੋਂ ਲਿਆਉਣ ਅਤੇ ਇਥੇ ਸੁਚੱਜੇ ਢੰਗ ਨਾਲ ਇਕਾਂਤਵਾਸ ਵਿੱਚ ਰੱਖਣ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੂੰ ਮੈਰੀਟੋਰੀਅਸ ਸਕੂਲ ਵਿਖੇ ਬਣੇ ਇਕਾਂਤਵਾਸ ਕੇਂਦਰ ਵਿਚ ਰੱਖਿਆ ਗਿਆ ਹੈ, ਜਿੱਥੇ ਸੰਗਤਾਂ ਦੀ ਸਹੁਲਤ ਲਈ ਸਾਰੀਆਂ ਬੁਨਿਆਦੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੰਗਤਾਂ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੇ ਸੇਵਾ ਭਾਵ ਤੋਂ ਪੂਰੀਆਂ ਖੁਸ਼ ਹਨ। ਜਿਵੇਂ ਜਿਵੇਂ ਇਹ ਸੰਗਤਾਂ ਇੱਥੇ ਪੁੱਜੀਆਂ ਸਨ ਇੰਨ੍ਹਾਂ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਲੋੜ ਦੀਆਂ ਵਸਤਾਂ ਟੂਥ ਬਰੱਸ਼, ਪੇਸਟ, ਸਾਬਣ, ਸੈਂਪੂ, ਮੱਛਰ ਮਾਰ ਦਵਾਈ ਅਤੇ ਮੱਗ ਬਾਲਟੀਆਂ ਕਮਰੇ ਅਲਾਟ ਕਰਨ ਦੇ ਨਾਲ ਹੀ ਮੁਹੱਈਆ ਕਰਵਾਏ ਗਏ।
ਡਿਪਟੀ ਕਮਿਸ਼ਨਰ ਸ਼੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਸੰਗਤਾਂ ਦੀ ਕੁਆਰਨਟੀਨ ਦੌਰਾਨ ਦੇਖਭਾਲ ਦਾ ਜ਼ਿੰਮੇਵਾਰੀ ਬਠਿੰਡਾ ਦੇ SDM ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੂੰ ਸੌਂਪੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਸੰਗਤਾਂ ਦੀਆਂ ਲੋੜਾਂ ਅਨੁਸਾਰ ਹਰ ਵਸਤੂ ਮੁਹੱਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿਖੇ ਠਹਿਰੇ 125 ਵਿਅਕਤੀਆਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। SDM ਸ: ਅਮਰਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਰਹਿ ਰਹੇ ਯਾਤਰੀਆਂ ਵਿਚਕਾਰ ਸਮਾਜਿਕ ਦੂਰੀ ਦਾ ਵਿਸੇਸ਼ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਲਈ ਤਿੰਨ ਟਾਈਮ ਦਾ ਖਾਣਾ ਬਣ ਕੇ ਆ ਰਿਹਾ ਹੈ, ਜੋ ਕਿ ਸਾਫ਼-ਸਫ਼ਾਈ ਅਤੇ ਪੌਸ਼ਟਿਕਤਾ ਦਾ ਧਿਆਨ ਰੱਖ ਕੇ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਇਹ ਸਭ ਕੁੱਝ ਇੱਕ ਨਿਸ਼ਚਿਤ ਕੀਤੇ ਬੈਰੀਅਰ ਤੱਕ ਪਹੁੰਚਾਇਆ ਜਾਂਦਾ ਹੈ, ਜਿੱਥੋਂ ਅੱਗੇ ਇਹ ਯਾਤਰੀ ਆਪਣੇ-ਆਪ ਇਸ ਸਾਮਾਨ ਨੂੰ ਲਿਜਾ ਕੇ ਅੱਗੇ ਬੜੇ ਸੁਚੱਜੇ ਢੰਗ ਤੇ ਸਾਵਧਾਨੀ ਪੂਰਵਕ ਬਾਕੀ ਸੰਗਤਾਂ ਨਾਲ ਸਾਂਝਾਂ ਕਰ ਲੈਂਦੇ ਹਨ। ਇੱਥੇ ਡਾਕਟਰਾਂ ਦੀ ਟੀਮ ਹਰ ਵੇਲੇ ਤਾਇਨਾਤ ਰਹਿੰਦੀ ਹੈ ਅਤੇ ਜਰੂਰਤ ਅਨੁਸਾਰ ਜੇਕਰ ਕਿਸੇ ਨੂੰ ਦਵਾਈ ਦੀ ਜਰੂਰਤ ਹੋਵੇ ਤਾਂ ਮੁਹਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਮੈਡੀਕਲ ਸਟਾਫ਼, ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੰਗਤਾਂ ਦੇ ਹਰ ਤਰ੍ਹਾਂ ਦੇ ਸੁੱਖ-ਅਰਾਮ ਦਾ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮਰਿਆਂ ਨੂੰ ਨਿਯਮਿਤ ਤੌਰ ਤੇ ਸੈਨੇਟਾਈਜ਼ ਕਰਵਾਇਆ ਜਾਂਦਾ ਹੈ।ਜਦ ਕਿ ਇਸ ਇਕਾਂਤਵਾਸ ਦੇ ਵਰਜਿਤ ਖੇਤਰ ਵਿਚ ਜਾਣ ਵਾਲੇ ਅਮਲੇ, ਸਫਾਈ ਕਰਮੀਆਂ, ਕਪੜੇ ਧੋਣ ਵਾਲੇ ਅਮਲੇ ਨੂੰ ਪੀਪੀਈ ਕਿੱਟਾਂ ਵੀ ਮੁਹਈਆ ਕਰਵਾਈਆਂ ਗਈਆਂ ਹਨ ਅਤੇ ਸਾਰੇ ਸੁਰੱਖਿਆ ਮਾਪਦੰਡਾਂ ਦਾ ਪਾਲਣ ਵੀ ਕੀਤਾ ਜਾਂਦਾ ਹੈ। ਇੱਥੇ ਹਾਜਰ ਸੰਗਤਾਂ ਨੇ ਪ੍ਰਸ਼ਾਸਨ ਵੱਲੋਂ ਕੀਤੇ ਇੰਤਜਾਮ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।