ਪਠਾਨਕੋਟ ਦੇ ਪਿੰਡ ਸਰਮੋ ਲਹੀ ਦੇ ਰਹਿਣ ਵਾਲੇ ਸਿਪਾਹੀ ਦੀਪਕ ਸਿੰਘ ਨੂੰ ਗੁਰਦਾਸਪੁਰ ਵਿੱਚ ਕੁਝ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਨੇ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਤਾਂ ਗੁੱਸੇ ਵਿੱਚ ਆਏ ਪਰਿਵਾਰ ਤੇ ਪਿੰਡ ਵਾਲਿਆਂ ਨੇ ਫੌਜੀ ਦੀ ਮ੍ਰਿਤਕ ਦੇਹ ਨੂੰ ਪਿੰਡ ਸਰਮੋ ਲਾਹੜੀ ਤੋਂ ਲੰਘਣ ਵਾਲੇ ਪਠਾਨਕੋਟ-ਅੰਮ੍ਰਿਤਸਰ ਕੌਮੀ ਰਾਜਮਾਰਗ ‘ਤੇ ਰੱਖ ਕੇ ਚਾਰ ਘੰਟੇ ਧਰਨਾ ਦਿੱਤਾ। ਭਆ ਦੇ ਵਿਧਾਇਕ ਜੋਗਿੰਦਰ ਪਾਲ ਵੀ ਉਨ੍ਹਾਂ ਨਾਲ ਧਰਨੇ ‘ਤੇ ਬੈਠੇ।
ਪਠਾਨਕੋਟ ਪੁਲਿਸ ਦੇ ਮਨਾਉਣ ਦੇ ਬਾਵਜੂਦ ਪਿੰਡ ਵਾਲੇ ਨਹੀਂ ਮੰਨੇ। ਇਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਪਿੰਡ ਵਾਲਿਆਂ ਅਤੇ ਪਰਿਵਾਰ ਦੇ ਦਬਾਅ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ, ਫਿਰ ਜਾ ਕੇ ਲੋਕਾਂ ਨੇ ਹੜਤਾਲ ਖਤਮ ਕੀਤੀ ਅਤੇ ਟ੍ਰੈਫਿਕ ਬਹਾਲ ਹੋ ਗਈ।
ਮ੍ਰਿਤਕ ਫੌਜੀ ਦੇ ਪਿਤਾ ਓਂਕਾਰ ਸਿੰਘ ਨੇ ਦੱਸਿਆ ਕਿ ਦੀਪਕ ਸਿੰਘ ਭਾਰਤੀ ਫੌਜ ਦੇ ਗਰਿਫ ਵਿੱਚ ਤਾਇਨਾਤ ਸੀ। ਅਰੁਣਾਚਲ ਪ੍ਰਦੇਸ਼ ਵਿੱਚ ਪੋਸਟਿੰਗ ਸੀ। ਛੇ ਮਹੀਨਿਆਂ ਬਾਅਦ ਘਰ ਆਉਣ ਸੀ। ਉਹ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਿਆ ਅਤੇ ਉਥੋਂ ਬੱਸ ‘ਚ ਪਠਾਨਕੋਟ ਆ ਰਿਹਾ ਸੀ। ਗਲਤੀ ਨਾਲ ਉਹ ਕਾਹਨੂੰਵਾਨ ਚੌਕ ‘ਤੇ ਉਤਰ ਗਿਆ।
ਦੇਰ ਰਾਤ 11 ਵਜੇ ਉਸ ਨੂੰ ਪਿਆਸ ਲੱਗੀ, ਇਸ ਲਈ ਉਹ ਗੁਰੂਦੁਆਰਾ ਕੁੱਲੀਆਂ ਵਾਲਾ ਵਿਖੇ ਪਾਣੀ ਪੀਣ ਗਿਆ। ਇਸ ਦੌਰਾਨ ਕੁਝ ਲੋਕਾਂ ਨੇ ਉਸ ਨੂੰ ਘੇਰ ਕੇ ਚੋਰ ਸਮਝ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਕਿਸੇ ਤਰ੍ਹਾਂ ਉਸ ਨੂੰ ਲੋਕਾਂ ਤੋਂ ਬਚਾਇਆ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ, ਪਰ ਦੀਪਕ ਦੀ ਉਥੇ ਮੌਤ ਹੋ ਗਈ।
ਪੁਲਿਸ ਨੇ ਉਨ੍ਹਾਂ ਨੂੰ ਸਵੇਰੇ ਸੂਚਨਾ ਦਿੱਤੀ ਕਿ ਦੀਪਕ ਦੀ ਮੌਤ ਹੋ ਗਈ ਹੈ। ਪਿਤਾ ਨੇ ਦੱਸਿਆ ਕਿ ਉਸਨੂੰ ਪਤਾ ਲੱਗਿਆ ਹੈ ਕਿ ਉਸਦੇ ਪੁੱਤਰ ਦਾ ਕਤਲ ਗੁਰਜੀਤ ਸਿੰਘ ਨਿਵਾਸੀ ਟਿੱਬੀ ਰੋਡ ਗੁਰਦਾਸਪੁਰ, ਦਲਬੀਰ ਸਿੰਘ ਨਿਵਾਸੀ ਪਾਹੜਾ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਕੀਤੀ ਹੈ। ਪਿਤਾ ਨੇ ਦੋਸ਼ ਲਗਾਇਆ ਕਿ ਪੁਲਿਸ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪਿਤਾ ਨੇ ਦੱਸਿਆ ਕਿ ਜਦੋਂ ਉਸਨੇ ਰਾਤ ਨੂੰ ਪੁੱਤਰ ਨਾਲ ਫ਼ੋਨ ਤੇ ਗੱਲ ਕੀਤੀ ਤਾਂ ਉਸਨੇ ਦੱਸਿਆ ਸੀ ਕਿ ਕੁਝ ਲੋਕ ਉਸਨੂੰ ਚੋਰ ਵਜੋਂ ਕੁੱਟ ਰਹੇ ਹਨ। ਇਸ ਦੌਰਾਨ ਉਸ ਦਾ ਫੋਨ ਕੱਟਿਆਂ ਗਿਆ ਅਤੇ ਫਿਰ ਸਵਿੱਚ ਆਫ ਹੋ ਗਿਆ। ਉਸ ਕੋਲ ਬਹੁਤ ਸਾਰਾ ਸਮਾਨ ਸੀ, ਪਰ ਉਨ੍ਹਾਂ ਨੂੰ ਕੋਈ ਸਾਮਾਨ ਨਹੀਂ ਮਿਲਿਆ, ਮੋਬਾਈਲ ਵੀ ਗਾਇਬ ਹੈ।
ਇਹ ਵੀ ਪੜ੍ਹੋ : ਪ੍ਰਵਾਨ ਚੜ੍ਹੇਗਾ ਸਰਹੱਦ ਪਾਰ ਦਾ ਪਿਆਰ- ਪਾਕਿਸਤਾਨੀ ਕੁੜੀ ਕਰਵਾਏਗੀ ਪੰਜਾਬੀ ਮੁੰਡੇ ਨਾਲ ਵਿਆਹ, ਭਾਰਤ ਸਰਕਾਰ ਨੇ ਦਿੱਤੀ ਇਜਾਜ਼ਤ
ਇਸ ਬਾਰੇ ਡੀਐਸਪੀ ਗੁਰਦਾਸਪੁਰ ਸੁਖਪਾਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਗੁਰਜੀਤ ਸਿੰਘ ਅਤੇ ਦਲਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਲਦੀ ਹੀ ਦੋਸ਼ੀ ਪੁਲਿਸ ਹਿਰਾਸਤ ਵਿਚ ਹੋਣਗੇ।