The tenant sold daughter : ਬਰਨਾਲਾ ਦੇ ਪੱਤੀ ਰੋਡ ਤੋਂ ਇਕ ਹੈਰਾਨੀਜਨਕ ਖੁਲਾਸਾ ਹੋਇਆ ਹੈ, ਜਿਥੇ ਇਕ ਕਿਰਾਏਦਾਰ ਔਰਤ ਨੇ ਆਪਣੇ ਮਕਾਨ ਮਾਲਿਕ ਦੀ 22 ਸਾਲਾ ਧੀ ਨੂੰ ਦੋ ਲੱਖ ਰੁਪਏ ਪਿੱਛੇ ਵੇਚ ਦਿੱਤਾ। ਦੋਸ਼ੀ ਔਰਤ ਦੇ ਪਤੀ ਵੱਲੋਂ ਹੀ ਇਸ ਗੱਲ ਦਾ ਪਤਾ ਲੱਗਣ ’ਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਵੱਲੋਂ ਦੋਸ਼ੀਆਂ ’ਤੇ ਮਾਮਲਾ ਦਰਜ ਕਰਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਲੜਕੀ ਦਾ ਪਤਾ ਨਹੀਂ ਲਗਾਇਆ ਜਾ ਸਕਿਆ। ਪਰਿਵਾਰਕ ਮੈਂਬਰਾਂ ਨੇ ਉੱਚ ਅਧਿਕਾਰੀਆਂ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਲੜਕੀ ਦਾ ਛੇਤੀ ਹੀ ਪਤਾ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਲੜਕੀ ਦੇ ਭਰਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ 24 ਜੂਨ ਦੀ ਦੁਪਹਿਰ ਲਗਭਗ ਇਕ ਵਜੇ ਜਦੋਂ ਉਹ ਘਰ ਆਇਆ ਤਾਂ ਉਸ ਦੀ ਭੈਣ ਘਰ ਨਹੀਂ ਸੀ। ਉਸ ਨੇ ਜਦੋਂ ਆਪਣੀ ਮਾਂ ਤੋਂ ਉਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਕਿਤੇ ਗਈ ਹੋਵੇਗੀ ਆ ਜਾਵੇਗੀ। ਜਦੋਂ ਸ਼ਾਮ ਤੱਕ ਉਹ ਘਰ ਨਹੀਂ ਪਰਤੀ ਤਾਂ ਉਨ੍ਹਾਂ ਨੇ ਥਾਣਾ ਸਿਟੀ-1 ਵਿਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਤੋਂ ਬਾਅਦ ਉਹ ਆਪਣੀ ਕਿਰਾਏਦਾਰ ਔਰਤ ਕਰਮਜੀਤ ਕੌਰ ਨਾਲ ਮਿਲ ਕੇ ਆਪਣੀ ਭੈਣ ਨੂੰ ਲਭਦਾ ਰਿਹਾ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕਿਰਾਏਦਾਰ ਕਰਮਜੀਤ ਕੌਰ ਦਾ ਇਕ ਦਿਨ ਆਪਣੇ ਪਤੀ ਚੰਦ ਲਾਲ ਹੈੱਪੀ ਨਾਲ ਝਗੜਾ ਹੋ ਗਿਆ ਤਾਂ ਹੈੱਪੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਭੈਣ ਕਿਤੇ ਗੁੰਮ ਨਹੀਂ ਹੋਈ ਹੈ, ਸਗੋਂ ਕਰਮਜੀਤ ਨੇ ਉਸ ਨੂੰ ਕਿਤੇ ਲੁਕਾਇਆ ਹੋਇਆ ਹੈ। ਇਹ ਸੁਣਦੇ ਹੀ ਉਨ੍ਹਾਂ ਨੇ ਕਰਮਜੀਤ ਕੌਰ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਇਸ ਗੱਲ ਨੂੰ ਮੰਨ ਲਿਆ ਕਿ ਉਸ ਨੇ ਰੁਪਿਆਂ ਦੇ ਲਾਲਚ ਵਿਚ ਦੋ ਲੱਖ ਰੁਪਏ ਲੈ ਕੇ ਉਸ ਨੂੰ ਬਠਿੰਡਾ ਵਿਚ ਕਿਸੇ ਔਰਤ ਨੂੰ ਵੇਚਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਦੋ ਦਿਨ ਤੱਕ ਲੜਕੀ ਨੂੰ ਪਹਿਲਾਂ ਨਸ਼ੇ ਦੇ ਇੰਜੈਕਸ਼ਨ ਲਗਾ ਕੇ ਬਰਨਾਲਾ ਵਿਚ ਰਖਿਆ ਫਿਰ ਪਿੰਡ ਪੰਧੇਰ ਵਿਚ ਉਸ ਨੂੰ ਅੱਠ ਦਿਨ ਤੱਕ ਰਕਿਆ। ਉਸ ਤੋਂ ਬਾਅਦ ਉਸ ਨੂੰ ਪਿੰਡ ਧੂਰੀ ਤੋਂ ਬਾਅਦ ਬਠਿੰਡਾ ਵਿਚ ਭੇਜ ਦਿੱਤਾ ਅਤੇ ਇਸ ਤੋਂ ਬਾਅਦ ਬਠਿੰਡਾ ਵਿਚ ਦੋ ਲੱਖ ਰੁਪਏ ਵਿਚ ਵੇਚ ਦਿੱਤਾ।
ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਥਾਣਾ ਸਿਟੀ-1 ਦੀ ਪੁਲਿਸ ਨੇ ਕਰਮਜੀਤ ਨੂੰ ਤਾਂ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਰਮਜੀਤ ਕੌਰ ਤੋਂ ਪੁੱਛ-ਗਿੱਛ ਕਰਕੇ ਲੜਕੀ ਨੂੰ ਵਾਪਿਸ ਲਿਆਇਆ ਜਾਵੇ ਅਤੇ ਦੋਸ਼ੀ ਤੇ ਉਸ ਦੇ ਪਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ-1 ਦੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਵਿਚ ਦੋ ਏਐਸਆਈ ਜਾਂਚ ਅਧਿਕਾਰੀਆਂ ਨੂੰ ਬਦਲਿਆ ਗਿਆ ਹੈ ਪਰ ਅਜੇ ਤੱਕ ਲੜਕੀ ਦਾ ਕੁਝ ਪਤਾ ਨਹੀਂ ਲੱਗਾ। ਇਸ ਬਾਰੇ ਡੀਐਸਪੀ ਸਿਟੀ ਲਖਵੀਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਦੋਸ਼ੀਆਂ ਤੋਂ ਪੁੱਛ-ਗਿੱਛ ਕਰਕੇ ਪੁਲਿਸ ਵੱਲੋਂ ਕਰਨਾਲ, ਬਠਿੰਡਾ, ਚੰਡੀਗੜ੍ਹ, ਜ਼ੀਰਕਪੁਰ, ਫਿਰੋਜ਼ਪੁਰ, ਅਬੋਹਰ, ਪੰਧੇਰ ਵਿਚ ਚਾਪੇਮਾਰੀ ਕੀਤੀ ਜਾ ਚੁੱਕੀ ਹੈ। ਪੁਲਿਸ ਵੱਲੋਂ ਇਸ ਮਾਮਲੇ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ।