The wait of the Sikh Sangat : ਅੰਮ੍ਰਿਤਸਰ : ਧੰਨ ਸ੍ਰੀ ਗੁਰੂ ਨਾਨਕ ਦੇਵ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਅਖੀਰ ਸਿੱਖ ਸੰਗਤਾਂ ਦੀ ਉਡੀਕ ਖਤਮ ਹੋਈ ਅਤੇ ਜਥਾ ਪਾਕਿਸਤਾਨ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਜਥਾ ਸੜਕ ਰਾਹੀਂ ਪਾਕਿਸਤਾਨ ਰਵਾਨਾ ਹੋਇਆ ਹੈ। ਇਸ ਤੋਂ ਪਹਿਲਾਂ ਗੁਰਧਾਮਾਂ ਦੀ ਯਾਤਰਾ ਅਤੇ ਗੁਰਪੁਰਬ ਮਨਾਉਣ ਲਈ ਜਥੇ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਜਾਂਦੇ ਸਨ।
ਜ਼ਿਕਯੋਗ ਹੈ ਕਿ ਭਾਰਤ ਤੋਂ 603 ਸ਼ਰਧਾਲੂਆਂ ਦਾ ਜਥਾ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਗਿਆ ਹੈ। ਕਰੋਨਾ ਕਾਰਨ ਇਸ ਵਾਰ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ 960 ਸ਼ਰਧਾਲੂਆਂ ਨੂੰ ਪੰਜ ਦਿਨਾਂ ਦਾ ਹੀ ਵੀਜ਼ਾ ਮਿਲਿਆ ਹੈ। ਦੱਸ ਦੇਈਏ ਕਿ ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਘੱਟ ਸ਼ਰਧਾਲੂਆਂ ਨੂੰ ਹੀ ਵੀਜ਼ੇ ਮਿਲ ਸਕੇ ਹਨ, ਜਿਸ ਕਾਰਨ ਸੰਗਤਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਮਹਾਮਾਰੀ ਨੂੰ ਧਿਆਨ ਵਿੱਚ ਰਖਦਿਆਂ ਸਾਵਧਾਨੀ ਵਰਤਦੇ ਹੋਏ ਇਸ ਵਾਰ ਸ਼ਰਧਾਲੂਆਂ ਦੇ ਕੋਰੋਨਾ ਟੈਸਟਾਂ ਨੂੰ ਵੀ ਲਾਜ਼ਮੀ ਬਣਾਇਆ ਗਿਆ ਹੈ।
ਇਸ ਵਾਰ ਘੱਟ ਸਮੇਂ ਦਾ ਵੀਜ਼ਾ ਮਿਲਣ ਕਾਰਨ ਜਥੇ ਨੂੰ ਸਿੱਧਾ ਨਨਕਾਣਾ ਸਾਹਿਬ ਠਹਿਰਾਉਣ ਦਾ ਹੀ ਪ੍ਰੋਗਰਾਮ ਬਣਾਇਆ ਗਿਆ ਹੈ, ਜਿਥੇ ਕੱਲ੍ਹ 30 ਨਵੰਬਰ ਨੂੰ ਬਾਬਾ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਅਤੇ ਪਹਿਲੀ ਦਸੰਬਰ ਨੂੰ ਜਥਾ ਨਨਕਾਣਾ ਸਾਹਿਬ ਤੋਂ ਪਰਤ ਆਵੇਗਾ। ਇਸ ਵਾਰ ਸਿਰਫ 5 ਦਿਨਾਂ ਦਾ ਵੀਜ਼ਾ ਮਿਲਣ ਕਾਰਨ ਸਿੱਖ ਸ਼ਰਧਾਲੂ ਸਿਰਫ ਗੁਰਦੁਆਰਾ ਜਨਮ ਅਸਥਾਨ ਤੋਂ ਇਲਾਵਾ ਨਨਕਾਣਾ ਸਾਹਿਬ ਸਥਿਤ ਸਥਾਨਕ ਗੁਰਦੁਆਰਿਆਂ ਦੇ ਹੀ ਦਰਸ਼ਨ ਕਰ ਸਕਣਗੇ। ਦੱਸਣਯੋਗ ਹੈ ਕਿ 28 ਨਵੰਬਰ ਨੂੰ ਗੁਰਦੁਆਰਾ ਸਾਹਿਬ ‘ਚ ਸ੍ਰੀ ਅਖੰਡ ਪਾਠ ਸਾਹਿਬ ਦਾ ਸ਼ੁੱਭ ਆਰੰਭ ਹੋਵੇਗਾ। 30 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸੇ ਦਿਨ ਗੁਰੁਦਆਰਾ ਸਾਹਿਬ ‘ਚ ਧਾਰਮਿਕ ਦੀਵਾਨ ਸਜਾਏ ਜਾਣਗੇ। 1 ਦਸੰਬਰ ਨੂੰ ਜੱਥਾ ਵਾਹਗਾ ਸਰਹੱਦ ਦੇ ਰਸਤੇ ਵਾਪਸ ਪਰਤੇਗਾ।