ਚੰਡੀਗੜ੍ਹ ਸ਼ਹਿਰ ਵਿੱਚ ਰਾਤ ਨੂੰ ਸੈਕਟਰ-23 ਵਿੱਚ ਇੱਕ ਭਰੋਸੇਯੋਗ ਹੀਰਿਆਂ ਨੂੰ ਤਰਾਸ਼ਨ ਵਾਲਾ ਕਾਰੀਗਰ ਆਪਣੇ ਮਾਲਿਕ ਦਾ ਲਗਭਗ ਇੱਕ ਕਰੋੜ ਰੁਪਏ ਦਾ ਸਾਮਾਨ ਲੈ ਕੇ ਭੱਜ ਗਿਆ। ਸ਼ਹਿਰ ਵਿੱਚ ਇਹ ਇੱਕ ਵੱਡੀ ਚੋਰੀ ਦੀ ਘਟਨਾ ਹੈ। ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਲਚਲ ਮਚ ਗਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਕੀਤੀ। ਚੋਰੀ ਦੀ ਇਸ ਵੱਡੀ ਘਟਨਾ ਨੂੰ ਲੈ ਕੇ ਸਮੁੱਚੀ ਟਰਾਈਸਿਟੀ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਐਸਸੀਓ-45 ਵਿਚ ਤੀਸਰੀ ਮੰਜ਼ਿਲ ‘ਤੇ ਇਕ ਕਮਰੇ ਵਿੱਚ ਹੀਰਿਆਂ ਨੂੰ ਤਰਾਸ਼ਨ ਅਤੇ ਸੋਨੇ ਦੇ ਗਹਿਣਿਆਂ ਨੂੰ ਬਣਾਉਣ ਦਾ ਕੰਮ ਹੁੰਦਾ ਸੀ। ਦੁਕਾਨ ਮਾਲਕ ਅਨੂਪ ਨੇ ਦੱਸਿਆ ਕਿ ਦੁਕਾਨ ਦੇ ਕਮਰਿਆਂ ਵਿੱਚ ਕੰਮ ਕਰਨ ਤੋਂ ਬਾਅਦ ਕਾਰੀਗਰ ਉਥੇ ਰਾਤ ਨੂੰ ਸੌ ਜਾਂਦੇ ਸਨ। ਅਨੂਪ ਮੁਤਾਬਕ ਰਾਤ ਨੂੰ ਆਕਾਸ਼ ਨੇ ਚਾਰ ਕਾਰੀਗਰਾਂ ਨਾਲ ਮਿਲ ਕੇ ਦੁਕਾਨ ਵਿੱਚ ਹੀ ਪਾਰਟੀ ਕੀਤੀ ਅਤੇ ਕਾਰੀਗਰਾਂ ਨੂੰ ਕੁਝ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਕਰ ਦਿੱਤਾ। ਉਸ ਤੋਂ ਬਾਅਦ ਇੱਕ ਕਾਰੀਗਰ ਆਕਾਸ਼ ਲੋਹੇ ਦੇ ਲਾਕਰ ਨੂੰ ਕਮਰੇ ਤੋਂ ਕੱਢ ਕੇ ਵਾਸ਼ਰੂਮ ਵਿਚ ਲੈ ਗਿਆ ਅਤੇ ਉਥੇ ਲੋਹਾ ਕੱਟਣ ਵਾਲੇ ਕਟਰ ਦੀ ਮਦਦ ਨਾਲ ਲਾਕਰ ਨੂੰ ਕੱਟਿਆ। ਉਸ ਵਿੱਚੋਂ ਹੀਰੇ ਅਤੇ ਲਗਭਗ ਡੇਢ ਕਿਲੋ ਸੋਨਾ ਅਤੇ ਡਾਇਮੰਡ ਕੱਢ ਕੇ ਉਸ ਨੂੰ ਲੈ ਕੇ ਭੱਜ ਗਿਆ।
ਭੱਜਦੇ ਹੋਏ ਕਾਰੀਗਰ ਨੇ ਆਪਣੇ ਤਿੰਨ ਕਾਰੀਗਰ ਸਾਥੀ ਨੂੰ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਅਤੇ ਦੁਕਾਨ ਦੇ ਸ਼ਟਰ ਨੂੰ ਵੀ ਜਿੰਦਰਾ ਲਗਾ ਦਿੱਤਾ। ਅਨੂਪ ਨੇ ਦੱਸਿਆ ਕਿ ਸਵੇਰੇ ਜਦੋਂ ਉਸ ਦੇ ਇੱਕ ਕਾਰੀਗਰ ਨੇ ਫੋਨ ਕਰਕੇ ਕਿਹਾ ਕਿ ਅਕਾਸ਼ ਕਰੀਗਰ ਦੁਕਾਨ ਵਿੱਚ ਨਹੀਂ ਹੈ ਅਤੇ ਦਰਵਾਜ਼ਾ ਬਾਹਰੋਂ ਬੰਦ ਹੈ ਤਾਂ ਦੁਕਾਨ ਮਾਲਕ ਅਨੂਪ ਦੁਕਾਨ ‘ਤੇ ਪਹੁੰਚਿਆ ਅਤੇ ਤਾਲੇ ਖੋਲ੍ਹ ਕੇ ਕਾਰੀਗਰਾਂ ਨੂੰ ਬਾਹਰ ਕੱਢਿਆ।
ਉਸ ਤੋਂ ਬਾਅਦ ਉਸ ਨੇ ਦੇਖਿਆ ਕਿ ਲਾਕਰ ਵਾਸ਼ਰੂਮ ਵਿੱਚ ਕੱਟੀ ਹੋਈ ਹਾਲਤ ਵਿੱਚ ਹੈ ਅਤੇ ਉਸ ਵਿੱਚ ਰੱਖਿਆ ਕੀਮਤੀ ਸਾਮਾਨ ਗਾਇਬ ਹੈ। ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਅਤੇ ਫਾਰੈਂਸਿਕ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਥੇ ਦੀ ਜਾੰਚ ਕੀਤੀ ਅਤੇ ਸਬੂਤ ਜਮ੍ਹਾ ਕੀਤੇ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਿਸ ਵੱਲੋਂ ਵੱਡੇ ਕਿਸਾਨਾਂ ਆਗੂਆਂ ਸਣੇ ਜੱਸ ਬਾਜਵਾ ਤੇ ਸੋਨੀਆ ਮਾਨ ‘ਤੇ ਵੀ ਪਰਚਾ, ਬਾਜਵਾ ਦੀ ਟੀਮ ਨੇ ਕੀਤਾ ਵੱਡਾ ਖੁਲਾਸਾ
ਦੁਕਾਨ ਮਾਲਕ ਅਨੂਪ ਅਨੁਸਾਰ ਆਕਾਸ਼ ਕਰੀਬ ਡੇਢ ਕਿੱਲੋ ਸੋਨਾ, ਹੀਰੇ ਅਤੇ ਤਿੰਨ ਲੱਖ ਰੁਪਏ ਦੀ ਨਕਦੀ ਲੈ ਕੇ ਭੱਜ ਗਿਆ ਹੈ। ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਫੋਰੈਂਸਿਕ ਟੀਮ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ ਅਤੇ ਉਥੋਂ ਕੁਝ ਸਬੂਤ ਇਕੱਠੇ ਕੀਤੇ, ਜਿਸ ਕਟਰ ਨਾਲ ਲਾਕਰ ਕੱਟਿਆ ਗਿਆ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਕਈ ਹੋਰ ਸਾਮਾਨ ਵੀ ਜ਼ਬਤ ਕਰ ਲਿਆ ਗਿਆ। ਪੁਲਿਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ।