Thousands of Farmers left for Delhi : ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਹੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਵੱਲ ਨੂੰ ਵਧ ਰਹੇ ਹਨ। ਇਸੇ ਲੜੀ ਵਿੱਚ ਅੱਜ ਇੱਕ ਵਾਰ ਫਿਰ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਏਕਤਾ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਲੀ ਵੱਲ ਰਵਾਨਗੀ ਦਿੱਤੀ ਗਈ। ਕਿਸਾਨਾਂ ਵੱਲੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਦਿੱਲੀ ਵੱਲ ਨੂੰ ਤਿਆਰੀ ਕੀਤੀ ਗਈ। ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਮਾਰੂ ਨੀਤੀਆਂ ਕਾਨੂੰਨਾਂ ਦੇ ਖ਼ਿਲਾਫ਼ ਅੱਜ ਇਕ ਵੱਡਾ ਜਥਾ ਦਿੱਲੀ ਵੱਲ ਨੂੰ ਰਵਾਨਾ ਹੋ ਰਿਹਾ ਹੈ ਜੋਕਿ ਪੰਜਾਬ ਦਾ ਬਾਰਡਰ ਟੱਪ ਕੇ ਹੀ ਰਾਤ ਰੁਕੇਗਾ।
ਪੰਧੇਰ ਨੇ ਦੱਸਿਆ ਕਿ ਅਸੀਂ ਲੰਮੇ ਸਮੇਂ ਤੋਂ ਇਹ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕਹਿ ਰਹੇ ਹਾਂ ਪਰ ਕੇਂਦਰ ਸਰਕਾਰ ਦੇ ਕੰਨਾਂ ਉੱਤੇ ਜੂੰ ਨਹੀਂ ਸਰਕ ਰਹੀ। ਰਾਜਨੀਤਕ ਪਾਰਟੀਆ ਵੱਲੋਂ ਫੰਡਿੰਗ ਸੰਬੰਧੀ ਲਗਾਏ ਗਏ ਦੋਸ਼ਾਂ ‘ਤੇ ਬੋਲਦਿਆਂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਹੇ ਅਤੇ ਨਾ ਹੀ ਅਸੀਂ ਇਨ੍ਹਾਂ ਦੀ ਗੱਲ ਨੂੰ ਬਹੁਤਾ ਗ਼ੌਰ ਕਰਦੇ ਹਾਂ। ਉਦੋਂ ਉਨ੍ਹਾਂ ਨੇ ਕਿਹਾ ਕਿ ਅਸੀਂ ਛੇ-ਛੇ ਮਹੀਨੇ ਦਾ ਰਾਸ਼ਨ ਅਤੇ ਸਾਮਾਨ ਲੈ ਕੇ ਦਿੱਲੀ ਵੱਲ ਜਾ ਰਹੇ ਹਾਂ ਅਤੇ ਦਿੱਲੀ ਫ਼ਤਿਹ ਕਰਕੇ ਹੀ ਪਰਤਾਂਗੇ।
ਦੱਸਣਯੋਗ ਹੈ ਕਿ ਅੱਜ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਵਿਖੇ ਅਰਦਾਸ ਕਰਨ ਤੋਂ ਬਾਅਦ ਲਗਭਗ 50 ਹਜ਼ਾਰ ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਦੇ ਜਥਿਆਂ ਨੇ ਸੈਂਕੜੇ ਟਰੈਕਟਰਾਂ-ਟਰਾਲੀਆਂ ਵਿੱਚ ਸਵਾਰ ਹੋ ਕੇ ਦਿੱਲੀ ਵੱਲ ਕੂਚ ਕੀਤਾ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੋਂ ਪਹੁੰਚੇ ਕਿਸਾਨ-ਮਜ਼ਦੂਰ ਬਿਆਸ ਪੁਲ ‘ਤੇ ਵੀ ਨਾਲ ਮਿਲਦੇ ਜਾਣਗੇ। ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਮੋਗਾ ਅਤੇ ਫਾਜਿਲਕਾ ਜਿਲ੍ਹਿਆਂ ਦੇ ਕਿਸਾਨਾਂ-ਮਜ਼ਦੂਰਾਂ ਦਾ ਜੱਥਾ ਫਿਰੋਜ਼ਪੁਰ ਤੋਂ ਰਵਾਨਾ ਹੋਵੇਗਾ। ਇਹ ਦੋਵੇਂ ਜੱਥੇ ਦੋਰਾਹਾ ਮੰਡੀ ਵਿਖੇ ਜਾ ਕੇ ਇਕੱਠੇ ਹੋਣਗੇ। ਸੀਨੀਅਰ ਆਗੂ ਦਿੱਲੀ ਜਾ ਕੇ ਜਾਇਜ਼ਾ ਲੈ ਕੇ ਅਗਲੇ ਫੈਸਲਿਆਂ ਦਾ ਐਲਾਨ ਕਰਨਗੇ।