Threats to Balbir Singh Rajewal : ਚੰਡੀਗੜ : ਬੀਕੇਯੂ (ਰਾਜੇਵਾਲ) ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਫੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਖਬਰ ਸਾਹਮਣੇ ਆਈ ਹੈ, ਜਿਸ ਦੇ ਚੱਲਦਿਆਂ ਬੀਤੇ ਦਿਨ ਪੰਜਾਬ ਦੇ ਜਗਰਾਓਂ ਵਿੱਚ ਕਿਸਾਨ ਮਹਾਂਪੰਚਾਇਤ ਦੌਰਾਨ ਰਾਜੇਵਾਲ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖ਼ਿਆ ਪ੍ਰਦਾਨ ਕੀਤੀ ਗਈ ਅਤੇ ਮਹਾਪੰਚਾਇਤ ਵਾਲੇ ਸਥਾਨ ’ਤੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਬਲਬੀਰ ਸਿੰਘ ਰਾਜੇਵਾਲ ਨੂੰ ਮਿਲ ਰਹੀਆਂ ਇਨ੍ਹਾਂ ਧਮਕੀਆਂ ਨੂੰ ਧਿਆਨ ਵਿੱਚ ਰਖਦਿਆਂ ਖੁਫ਼ੀਆ ਏਜੰਸੀਆਂ ਨੇ ਉਨ੍ਹਾਂ ਲਈ ਪੁਲਿਸ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਪਰ ਰਾਜੇਵਾਲ ਨੇ ਪੁਲਿਸ ਸੁਰੱਖ਼ਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ।
ਇਸ ਬਾਰੇ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਸ: ਚਰਨਜੀਤ ਸਿੰਘ ਸੋਹਲ ਦਾ ਕਹਿਣਾ ਹੈ ਕਿ ਸਾਨੂੰ ਇਸ ਬਾਰੇ ਸੂਚਨਾ ਮਿਲੀ ਸੀ ਕਿ ਬਲਬੀਰ ਸਿੰਘ ਰਾਜੇਵਾਲ ਨੂੰ ਧਮਕੀਆਂ ਮਿਲ ਰਹੀਆਂ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਪੁਖਤਾ ਸਕਿਓਰਿਟੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਰਾਜੇਵਾਲ ਨੂੰ ਇਹ ਧਮਕੀਆਂ ਕਿਨ੍ਹਾਂ ਤੋਂ ਮਿਲ ਰਹੀਆਂ ਹਨ, ਇਸ ਬਾਰੇ ਅਜੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ। ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਵਿੱਚ ਕਿਸਾਨਾਂ ਦੀ ਪਹਿਲੀ ਵਾਰ ਮਹਾਪੰਚਾਇਤ ਕੀਤੀ ਗਈ ਸੀ, ਜਿਥੇ ਬਲਬੀਰ ਸਿੰਘ ਰਾਜੇਵਾਲ ਸਣੇ ਕਈ ਵੱਡੇ ਕਿਸਾਨ ਆਗੂ ਪਹੁੰਚੇ ਸਨ।