Three consecutive deaths : ਲੁਧਿਆਣਾ ਜ਼ਿਲ੍ਹੇ ਦੇ ਸੀਐਮਸੀ ਹਸਪਤਾਲ ਨੇੜੇ ਸਿਕੰਦਰੀ ਰੋਡ ਦੀ ਗਲੀ ਨੰਬਰ 5 ਵਿੱਚ ਇਕੱਠੀਆਂ ਤਿੰਨ ਮੌਤਾਂ ਨੇ ਲੋਕਾਂ ਨੂੰ ਸੋਗ ਵਿੱਚ ਹੀ ਡੁਬੋ ਦਿੱਤਾ। ਅਜੇ ਉਹ ਇੱਕ ਮੌਤ ਦੇ ਦੁੱਖ ਤੋਂ ਉਭਰੇ ਹੀ ਨਹੀਂ ਸਨ ਕਿ ਦੋ ਦਿਨ ਬਾਅਦ ਦੂਜੀ ਤੇ ਅਗਲੇ ਹੀ ਦਿਨ ਤੀਜੀ ਮੌਤ ਨਾਲ ਲੋਕਾਂ ਦੇ ਦਿਲ ਹੀ ਵਲੂੰਧਰੇ ਗਏ। ਮਿਲੀ ਜਾਣਕਾਰੀ ਮੁਤਾਬਕ ਸਭ ਤੋਂ ਪਹਿਲਾਂ ਨਰਿੰਦਰ ਸਿੰਘ ਟਰਾਂਸਪੋਰਟ ਦੀ ਮੌਤ ਹੋ ਗਈ। ਨਰਿੰਦਰ ਸਿੰਘ ਟਰੱਕ ਡਰਾਈਵਰ ਸੀ ਤੇ 8 ਮਾਰਚ ਵਾਲੇ ਦਿਨ ਜਦੋਂ ਉਹ ਘਰ ਆਇਆ ਤਾਂ ਸਿਵਲ ਹਸਪਤਾਲ ਤੋਂ ਐਂਬੂਲੈਂਸ ਉਸ ਨੂੰ ਕੋਰੋਨਾ ਮਰੀਜ਼ ਦੱਸ ਕੇ ਜ਼ਬਰਦਸਤੀ ਆਪਣੇ ਨਾਲ ਚੁੱਕ ਕੇ ਲੈ ਗਈ। ਨਰਿੰਦਰ ਸਿੰਘ ਨੂੰ ਸਹੀ ਸਲਾਤਮ ਸਵੇਰ ਵੇਲੇ ਹਸਪਤਾਲ ਲਿਜਾਇਆ ਗਿਆ ਜਿਥੇ ਸ਼ਾਮ ਨੂੰ ਖਬਰ ਆਈ ਕਿ ਉਸ ਦੀ ਮੌਤ ਹੋ ਗਈ। ਸਵੇਰੇ ਅੱਖੀਂ ਜਿਊਂਦੇ ਦੇਖੇ ਵਿਅਕਤੀ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਗਲੀ ਦੇ ਲੋਕ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਸ਼ਾਮ ਨੂੰ ਟੀਕਾ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਅਗਲੇ ਦਿਨ 9 ਮਾਰਚ ਦਿਨ ਮੰਗਲਵਾਰ ਨੂੰ ਸੰਤੋਖ ਸਿੰਘ ਦੇ ਪੇਟ ਵਿੱਚ ਹਲਕਾ ਜਿਹਾ ਦਰਦ ਹੋਇਆ ਤੇ ਪਤਾ ਲੱਗਾ ਕਿ ਉਹ ਵੀ ਇਸ ਦੁਨੀਆ ਨੂੰ ਛੱਡ ਕੇ ਰੱਬ ਨੂੰ ਪਿਆਰਾ ਹੋ ਗਿਆ ਹੈ। ਅਜੇ ਪਹਿਲੀ ਮੌਤ ਦੇ ਸੋਗ ਤੋਂ ਲੋਕ ਉਭਰੇ ਨਹੀਂ ਸਨ ਕਿ ਦੂਜੀ ਮੌਤ ਦਾ ਸੁਣ ਕੇ ਹੋਰ ਵੀ ਯਕੀਨ ਹੀ ਨਹੀਂ ਕਰ ਪਾ ਰਹੇ ਸਨ ਕਿਉਂਕਿ ਸੰਤੋਖ ਸਿੰਘ ਵੀ ਸਿਹਤਮੰਦ ਸੀ। ਬੁੱਧਵਾਰ ਨੂੰ ਮ੍ਰਿਤਕ ਸੰਤੋਖ ਸਿੰਘ ਦਾ ਸਸਕਾਰ ਕੀਤਾ ਗਿਆ ਤੇ ਅਗਲੇ ਦਿਨ ਵੀਰਵਾਰ ਨੂੰ ਇੱਕ ਹੋਰ ਹੌਂਸਲਾ ਤੋੜਨ ਵਾਲੀ ਖਬਰ ਸਾਹਮਣੇ ਆ ਗਈ, ਜਦੋਂ ਪਤਾ ਲੱਗਾ ਕਿ ਗਲੀ ਵਿੱਚ ਹੀ ਰਹਿਣ ਵਾਲਾ ਕੰਵਲਜੀਤ ਸਿੰਘ ਭੋਲਾ ਵੀ ਅਕਾਲ ਚਲਾਣਾ ਕਰ ਗਿਆ ਹੈ, ਜਿਸ ਦਾ ਸ਼ੁੱਕਰਵਾਰ ਨੂੰ ਸਸਕਾਰ ਕੀਤਾ ਗਿਆ। ਇਕਦਮ ਇਕੱਠੀਆਂ ਤਿੰਨ ਮੌਤਾਂ ਨੂੰ ਦੇਖ ਕੇ ਲੋਕ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਗਲੀ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ।