Three days of good rains : ਚੰਡੀਗੜ੍ਹ ਵਿਚ ਇਕ ਵਾਰ ਫਿਰ ਮਾਨਸੂਨ ਸਰਗਰਮ ਹੋਣ ਜਾ ਰਿਹਾ ਹੈ। ਬੰਗਾਲ ਦੀ ਖਾੜੀ ਵਿਚ ਹੇਠਲੀਆਂ ਹਵਾਵਾਂ ਦਾ ਦਬਾਅ ਬਣਨ ਲੱਗਾ ਹੈ, ਜਿਸ ਨਾਲ ਨਮੀ ਵਾਲੀਆਂ ਹਾਵਾਵਾਂ ਉੱਤਰ ਭਾਰਤ ਵੱਲ ਆਉਣਗੀਆਂ। ਨਾਲ ਹੀ ਅਰਬ ਸਾਗਰ ਤੋਂ ਵੀ ਕੁਝ ਹਵਾਵਾਂ ਉੱਤਰ ਭਾਰਤ ਦੇ ਇਲਾਕਿਆਂ ਵਿਚ ਆਉਣ ਦੀ ਸੰਭਾਵਨਾ ਹੈ। ਦੋਵੇਂ ਹੀ ਮੌਸਮੀ ਸਿਸਟਮ ਐਕਟਿਵ ਹੋਣ ਨਾਲ ਮਾਨਸੂਨ ਦੀ ਟਰਫ ਰੇਖਾ ਉੱਤਰ ਭਾਰਤ ਵੱਲ ਸ਼ਿਫਟ ਹੋ ਜਾਏਗੀ। ਇਸ ਨਾਲ ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ਵਿਚ ਚੰਗੇ ਮੀਂਹ ਦੇ ਸੰਕੇਤ ਬਣ ਰਹੇ ਹਨ।
ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ 26 ਅਗਸਤ ਸ਼ਾਮ ਤੋਂ ਬਾਰਿਸ਼ ਸ਼ੁਰੂ ਹੋ ਸਕਦੀ ਹੈ। 27 ਅਗਸਤ ਨੂੰ ਕੁਝ ਇਲਾਕਿਆਂ ਵਿਚ ਭਾਰੀ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ। ਬਾਰਿਸ਼ ਦੀਆਂ ਸਰਗਰਮੀਆਂ 30 ਅਗਸਤ ਤੱਕ ਜਾਰੀ ਰਹਿਣ ਵਾਲੀਆਂ ਹਨ। ਮੌਸਮ ਵਿਭਾਗ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਹੈ ਕਿ ਆਉਣ ਵਾਲੇ ਤਿੰਨ ਦਿਨਾਂ ਵਿਚ 100 ਐਮਐਮ ਤੋਂ ਵੱਧ ਬਾਰਿਸ਼ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਅਗਸਤ ਵਿਚ ਮਹੀਨੇ ’ਚ ਹੁਣ ਤੱਕ 419 ਐਮਐਮ ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ, ਜੋ ਫਿਲਹਾਲ ਦਸ ਸਾਲ ਵਿਚ ਸਭ ਤੋਂ ਵੱਧ ਰਹੀ ਹੈ। ਤੇਜ਼ ਬਾਰਿਸ਼ ਦੇ ਦੋ ਸਪੈਲ ਆ ਸਕਦੇ ਹਨ। ਇਕ ਸਪੈਲ ਵਿਚ 40 ਤੋਂ 70 ਐਮਐਮ ਤੱਕ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ।
ਪਿਛਲੇ ਦਿਨੀਂ ਲਗਾਤਾਰ ਬਾਰਿਸ਼ ਨਾਲ ਤਾਪਮਾਨ ਵਿਚ ਗਿਰਾਵਟ ਦੇਖੀ ਗਈ ਹੈ ਅਤੇ ਉਮਸ ਤੋਂ ਰਾਹਤ ਵੀ ਮਿਲੀ ਹੈ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਤ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਵਧ ਰਿਹਾ, ਜਦਕਿ ਘੱਟੋ-ਘੱਟ ਤਾਪਮਾਨ 27.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਸੀ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਦਰਮਿਆਨ ਰਿਕਾਰਡ ਕੀਤਾ ਜਾ ਸਕਦਾ ਹੈ।