Three inmates tried to escape : ਲੁਧਿਆਣਾ ਵਿਖੇ ਸੈਂਟਰਲ ਜੇਲ ਵਿਚੋਂ ਨਸ਼ਾ ਤਿੰਨ ਮੁਜਰਮ ਕੈਦੀਆਂ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜੋਕਿ ਸਥਾਨਕ ਜੇਲ ਦੇ ਅਧਿਕਾਰੀਆਂ ਦੀ ਕਾਰਜਸੈਲੀ ’ਤੇ ਇਕ ਵਾਰ ਫਿਰ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਜਾਣਕਾਰੀ ਮੁਤਾਬਕ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਨਾਮਜ਼ਦ ਤਿੰਨ ਮੁਜਰਮ ਕੈਦੀਆਂ ਨੇ ਜੇਲ ਵਿਚੋਂ ਚਾਦਰਾਂ ਨੂੰ ਰੱਸੀ ਬਣਾ ਕੇ ਜੇਲ ਦੀ ਕੰਧ ਟੱਪ ਕੇ ਫਰਾਰ ਹੋਣ ਦਾ ਯਤਨ ਕੀਤਾ, ਜਿਸ ਨੂੰ ਜੇਲ ਮੁਲਾਜ਼ਮਾਂ ਵੱਲੋਂ ਨਾਕਾਮ ਕਰ ਦਿੱਤਾ ਗਿਆ। ਮੌਕੇ ’ਤੇ ਮੌਜੂਦ ਜੇਲ ਮੁਲਾਜ਼ਮਾਂ ਵੱਲੋਂ ਰੌਲਾ ਪਾਉਣ ’ਤੇ ਇਕ ਕੈਦੀ ਹਫੜਾ-ਦਫੜੀ ਵਿਚ ਕੰਧ ਟੱਪਦੇ ਹੋਏ ਡਿੱਗ ਪਿਆ, ਜਿਸ ਦੇ ਗੋਡੇ ’ਤੇ ਗੰਭੀਰ ਸੱਟ ਲੱਗੀ ਹੈ। ਹੋਰਨਾਂ ਦੋ ਕੈਦੀਆਂ ਨੂੰ ਜੇਲ ਦੇ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ, ਕਰਣਵੀਰ ਸਿੰਘ, ਜਗਪਾਲ ਸਿੰਘ, ਹੈੱਡ ਵਾਰਡਨ ਹਰਜੀਤ ਸਿੰਘ, ਵਾਰਡਨ ਮੇਨ ਕੰਟਰੋਲ ਹੌਲਦਾਰ ਗੁਰਮੇਲ ਸਿੰਘ ਦੀ ਚੌਕਸੀ ਕਾਰਨ ਦਬੋਚ ਲਿਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਤਿੰਨਾਂ ਦੇ ਫਰਾਰ ਹੋਣ ਦੀ ਯੋਜਨਾ ਬਣਾਉਣ ਵਾਲੇ ਕੈਦੀਆਂ ਦੀ ਪਛਾਣ ਹਰਪ੍ਰੀਤ ਸਿੰਘ ਅਤੇ ਸੂਰਜ ਪ੍ਰਤਾਪ ਵਜੋਂ ਹੋਈ ਹੈ। ਉਪਰੋਕਤ ਤਿੰਨੇ ਕੈਦੀ ਬੀਕੇਯੂ ਦੀ ਬੈਰਕ ਨੰ. 1 ਅਤੇ 7 ਵਿਚ ਬੰਦ ਸਨ। ਹੈਰਾਨੀਜਨਕ ਗੱਲ ਇਹ ਹੈ ਕਿ ਤਿੰਨੋਂ ਕੈਦੀਆਂ ਨੇ ਜੇਲ ਤੋਂ ਫਰਾਰ ਹੋਣ ਦੀ ਯੋਜਨਾ ਬਣਾਈ ਅਤੇ ਉਸ ਕੰਮ ਨੂੰ ਅਮਲੀ ਰੂਪ ਦੇਣ ਦਾ ਯਤਨ ਵੀ ਕੀਤਾ ਪਰ ਜੇਲ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਯੋਜਨਾ ਦੀ ਭਿਣਕ ਵੀ ਨਹੀਂ ਲੱਗੀ। ਹੁਣ ਸਵਾਲ ਇਹ ਉਠਦਾ ਹੈ ਕਿ ਕੀ ਜੇਲ ਦਾ ਖੁਫੀਆ ਤੰਤਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਜਾਂ ਜੇਲ ਦੇ ਜ਼ਿੰਮੇਵਾਰ ਅਧਿਕਾਰੀ ਕੁੰਭਕਰਨੀ ਨੀਂਦ ਸੌਂ ਰਹੇ ਹਨ। ਇਥੇ ਤੁਹਾਨੂੰ ਦੱਸ ਦੇਈਏ ਕਿ ਡੇਡ ਮਹੀਨਾ ਪਹਿਲਾਂ ਵੀ ਲੁਧਿਆਣਾ ਦੀ ਇਸ ਜੇਲ ਤੋਂ ਚਾਰ ਕੈਦੀ ਕੰਬਲਾਂ ਦੀ ਰੱਸੀ ਬਣਾ ਕੇ ਕੰਧ ਟੱਪ ਕੇ ਫਰਾਰ ਹੋਣ ਵਿਚ ਸਫਲ ਹੋ ਗਏ ਸਨ, ਜਿਨ੍ਹਾਂ ਵਿਚੋਂ ਦੋ ਕੈਦੀ ਅੱਜ ਤੱਕ ਫਰਾਰ ਹਨ।