TikTok parent ByteDance: ਨਵੀਂ ਦਿੱਲੀ: ਭਾਰਤ-ਚੀਨ ਸਰਹੱਦੀ ਵਿਵਾਦ ਤੋਂ ਬਾਅਦ ਭਾਰਤ ਵੱਲੋਂ 59 ਚੀਨੀ ਐਪਸ ‘ਤੇ ਪਾਬੰਦੀ ਲੱਗਣ ਕਾਰਨ ਚੀਨੀ ਕੰਪਨੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ । ਨੁਕਸਾਨ ਦੇ ਕਾਰਨ TikTok ਦੀ ਪੇਰੇਂਟ ਕੰਪਨੀ ByteDance ਆਪਣੇ ਹੈੱਡਕੁਆਰਟਰ ਨੂੰ ਚੀਨ ਤੋਂ ਬਾਹਰ ਸ਼ਿਫਟ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸ ਦੇਈਏ ਕਿ ਵਿਸ਼ਵ ਵਿੱਚ TikTok ਦੇ ਕੁੱਲ ਉਪਭੋਗਤਾਵਾਂ ਵਿੱਚੋਂ ਤੀਹ ਪ੍ਰਤੀਸ਼ਤ ਭਾਰਤ ਵਿੱਚ ਹਨ। ਇਸ ਐਪ ਦੀ ਭਾਰਤ ਵਿੱਚ 60 ਕਰੋੜ ਤੋਂ ਜ਼ਿਆਦਾ ਡਊਨਲੋਡ ਹਨ। ਪਿਛਲੇ ਸਾਲ ByteDance ਕੰਪਨੀ ਨੇ ਭਾਰਤ ਵਿੱਚ ਵੱਡੇ ਪੱਧਰ ‘ਤੇ ਵਿਸਥਾਰ ਦੀ ਯੋਜਨਾ ਦੇ ਤਹਿਤ ਬਹੁਤ ਸਾਰੇ ਸੀਨੀਅਰ ਅਹੁਦਿਆਂ ਦੀ ਨਿਯੁਕਤੀ ਕੀਤੀ ਸੀ। ਕੰਪਨੀ ਭਾਰਤ ਨੂੰ ਆਪਣੇ ਲਈ ਚੋਟੀ ਦੇ ਵਿਕਾਸ ਦਰ ਵਾਲੇ ਦੇਸ਼ ਵਜੋਂ ਵੇਖ ਰਹੀ ਸੀ, ਪਰ ਪਾਬੰਦੀ ਲੱਗਣ ਤੋਂ ਬਾਅਦ ਹੋ ਰਹੇ ਨੁਕਸਾਨ ਦੀ ਭਰਪਾਈ ਲਈ ByteDance ਕੰਪਨੀ ਦੇ ਪੁਨਰਗਠਨ ਬਾਰੇ ਵਿਚਾਰ ਕਰ ਰਹੀ ਹੈ।
ਅਮਰੀਕਾ ‘ਚ ਬੈਨ ਹੋ ਸਕਦੈ TikTok
ਇੱਕ ਖ਼ਬਰ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਪਾਬੰਦੀ ਤੋਂ ਬਾਅਦ ਹੁਣ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਐਪ ‘ਤੇ ਪਾਬੰਦੀ ਲਗਾਉਣ ਦਾ ਸੰਕੇਤ ਦਿੱਤਾ ਹੈ । ByteDance ਆਪਣੇ TikTok ਕਾਰੋਬਾਰ ਦੇ ਕਾਰਪੋਰੇਟ ਢਾਂਚੇ ਵਿੱਚ ਤਬਦੀਲੀਆਂ ਦਾ ਮੁਲਾਂਕਣ ਕਰ ਰਿਹਾ ਹੈ, ਅਤੇ ਕੰਪਨੀ ਉਸੇ ਅਵਸਥਾ ਵਿੱਚ ਵਾਪਸ ਜਾਣ ਲਈ ਇੱਕ ਚੰਗਾ ਵਿਕਲਪ ਲੱਭਣ ਬਾਰੇ ਵਿਚਾਰ ਕਰ ਰਹੀ ਹੈ।
ਹੋਇਆ ਕਰੋੜਾਂ ਦਾ ਨੁਕਸਾਨ
ਗੌਰਤਲਬ ਹੈ ਕਿ ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਚੀਨ ਦੇ 59 ਐਪਸ ‘ਤੇ ਪਾਬੰਦੀ ਲਗਾਈ ਸੀ । ਭਾਰਤ ਵੱਲੋਂ ਚੀਨ ਦੇ 59 ਐਪ ‘ਤੇ ਪਾਬੰਦੀ ਲੱਗਣ ਕਾਰਨ ਚੀਨ ਦੀ ਇੱਕ ਕੰਪਨੀ ਨੂੰ 45 ਹਜ਼ਾਰ ਕਰੋੜ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ । ਇਹ ਕੰਪਨੀ TikTok ਅਤੇ Hello ਦੀ ਮਦਰ ਕੰਪਨੀ ਹੈ। ਚੀਨ ਦੇ ਸਾਰੇ ਐਪਸ ਵਿਚੋਂ TikTok ਭਾਰਤ ਵਿੱਚ ਸਭ ਤੋਂ ਵੱਧ ਮਸ਼ਹੂਰ ਸੀ। ਬਹੁਤ ਸਾਰੇ ਸੇਲਿਬ੍ਰਿਟੀ ਮਸ਼ਹੂਰ ਟਵਿੱਟਰ ਯੂਜ਼ਰਸ ਦੇ ਫਾਲੋਅਰਜ਼ ਦੀ ਗਿਣਤੀ ਲੱਖਾਂ ਵਿੱਚ ਹੈ। ਚੀਨੀ ਅਖਬਾਰ ਅਨੁਸਾਰ ByteDance ਨੂੰ 6 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ।