Today Punjab Cabinet Meeting : ਪੰਜਾਬ ਮੰਤਰੀ ਮੰਡਲ ਦੀ ਅੱਜ ਚੰਡੀਗੜ੍ਹ ਵਿੱਚ ਅਹਿਮ ਬੈਠਕ ਹੈ। ਕੈਬਨਿਟ ਮੀਟਿੰਗ ਵਿੱਚ ਜ਼ਿਲ੍ਹਾ ਗਊਸ਼ਾਲਾਵਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ 20 ਜ਼ਿਲ੍ਹਿਆਂ ਵਿਚ ਗਊਸ਼ਾਲਾਵਾਂ ਹਨ ਜਿਨ੍ਹਾਂ ਲਈ ਪੰਚਾਇਤਾਂ ਨੇ ਜ਼ਮੀਨਾਂ ਮੁਹੱਈਆ ਕਰਵਾਈਆਂ ਹਨ, ਜਦਕਿ ਸਰਕਾਰ ਵੱਲੋਂ ਫੰਡ ਦਿੱਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਾਲ 2014 ਤੋਂ ਹੁਣ ਤੱਕ ਇਨ੍ਹਾਂ ਗਊਸ਼ਾਲਾਵਾਂ ’ਤੇ 43.85 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਕੈਬਨਿਟ ਮੀਟਿੰਗ ਲਈ ਭੇਜੇ ਗਏ ਏਜੰਡੇ ਅਨੁਸਾਰ ਗਊਆਂ ਨੂੰ ਚਲਾਉਣ ਦਾ ਕੰਮ ‘ਪਬਲਿਕ ਪ੍ਰਾਈਵੇਟ ਭਾਈਵਾਲੀ’ ਤਹਿਤ ਦਿੱਤਾ ਜਾਣਾ ਹੈ। ਇਨ੍ਹਾਂ ਗਊਸ਼ਾਲਾਵਾਂ ਵਿੱਚ 132 ਸ਼ੈੱਡ ਬਣਾਏ ਜਾਣੇ ਸਨ, ਜਿਨ੍ਹਾਂ ਵਿੱਚੋਂ 76 ਸ਼ੈੱਡ ਬਣਾਏ ਜਾ ਚੁੱਕੇ ਹਨ।
ਉਥੇ ਹੀ ਮੰਤਰੀ ਮੰਡਲ ਦੀ ਬੈਠਕ ਵਿਚ ਹਾਊਸਿੰਗ ਵਿਭਾਗ ਦੀ ‘ਐਮਨੈਸਟੀ ਸਕੀਮ’ ਨੂੰ ਵੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਪੁੱਡਾ ਸਕੀਮ ਤਹਿਤ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ ਹਜ਼ਾਰਾਂ ਪਲਾਟ ਹਨ, ਜਿਨ੍ਹਾਂ ਦੀਆਂ ਪੁਰਾਣੀਆਂ ਕਿਸ਼ਤਾਂ ਮਾਲਕਾਂ ਨੇ ਨਹੀਂ ਭਰੀਆਂ ਹਨ। ਇਹ ਪਲਾਟ ਲਗਭਗ 13 ਸਾਲ ਪੁਰਾਣਾ ਹੈ, ਜਿਸ ਦੀਆਂ ਕਿਸ਼ਤਾਂ 700 ਕਰੋੜ ਦੇ ਕਰੀਬ ਬਕਾਇਆ ਹਨ। ਨਵੀਂ ਤਜਵੀਜ਼ ਅਨੁਸਾਰ ਇਨ੍ਹਾਂ ਪਲਾਟ ਮਾਲਕਾਂ ਨੂੰ ਆਪਣੇ ਪਲਾਟਾਂ ਦੀਆਂ ਬਕਾਇਆ ਕਿਸ਼ਤਾਂ ਨੂੰ ਭਰਨ ਲਈ ਤਿੰਨ ਮਹੀਨੇ ਹੋਰ ਸਮਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਸਜ਼ਾ ਮੁਆਫ ਕਰਨ ਲਈ ਇਕ ਨਵਾਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕੈਬਨਿਟ ਮੀਟਿੰਗ ਵਿਚ ਰੱਖਿਆ ਜਾ ਸਕਦਾ ਹੈ।