Top Hizbul Commander: ਜੰਮੂ ਕਸ਼ਮੀਰ ਵਿੱਚ ਕਰਨਲ-ਮੇਜਰ ਸਮੇਤ 8 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ਼ ਇੱਕ ਵੱਡਾ ਅਭਿਆਨ ਸ਼ੁਰੂ ਕਰ ਦਿੱਤਾ ਹੈ । ਪੁਲਵਾਮਾ ਜ਼ਿਲ੍ਹਾ ਦੇ ਅਵੰਤੀਪੋਰਾ ਦੇ ਬੇਗਪੋਰਾ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਬੁੱਧਵਾਰ ਨੂੰ ਘੰਟਿਆਂ ਦੀ ਤਲਾਸ਼ੀ ਮੁਹਿੰਮ ਦੇ ਬਾਅਦ ਸ਼ੁਰੂ ਹੋ ਗਈ ਹੈ । ਜਿਸ ਵਿੱਚ ਹਿਜ਼ਬੁਲ ਕਮਾਂਡਰ ਰਿਆਜ਼ ਨਾਇਕੂ ਨੂੰ ਘੇਰ ਲਿਆ ਸੀ । ਜਿੱਥੇ ਇਸ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਉਸਨੂੰ ਮਾਰ ਸੁੱਟਿਆ ਹੈ ।
ਜੰਮੂ ਕਸ਼ਮੀਰ ਪੁਲਿਸ ਅਨੁਸਾਰ ਰਿਆਜ਼ ਨਾਇਕੂ ਅਤੇ ਪੀਐਸਓ ਨੂੰ ਘੇਰ ਲਿਆ ਸੀ । ਇਸਦੇ ਨਾਲ ਹੀ ਦੱਖਣੀ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ । ਸੁਰੱਖਿਆ ਬਲਾਂ ਦੀਆਂ ਵਾਧੂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਆਸ-ਪਾਸ ਦਾ ਇਲਾਕਾ ਘੇਰ ਲਿਆ ਗਿਆ ।
ਦੱਸ ਦੇਈਏ ਕਿ ਰਿਪੋਰਟਾਂ ਅਨੁਸਾਰ 55 ਆਰਆਰ ਅਤੇ ਪੁਲਿਸ, ਫੌਜ ਅਤੇ ਸੀਆਰਪੀਐਫ ਦੀ ਇੱਕ ਸੰਯੁਕਤ ਟੀਮ ਨੇ ਮੰਗਲਵਾਰ ਰਾਤ ਨੂੰ ਬੇਗਪੋਰਾ ਵਿੱਚ ਇੱਕ ਘੇਰਾਬੰਦੀ ਸਰਚ ਅਭਿਆਨ ਸ਼ੁਰੂ ਕੀਤਾ । ਜਿਵੇਂ ਹੀ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਸ਼ੱਕੀ ਜਗ੍ਹਾ ‘ਤੇ ਗਈ ਤਾਂ ਲੁਕੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਉਨ੍ਹਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ ।
ਇਸ ਸਬੰਧੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਐਨਕਾਊਂਟਰ ਦੀ ਪੁਸ਼ਟੀ ਵੀ ਕੀਤੀ ਹੈ । ਸੂਤਰਾਂ ਅਨੁਸਾਰ ਦੋ ਤੋਂ ਤਿੰਨ ਅੱਤਵਾਦੀਆਂ ਦੇ ਫਸਣ ਦਾ ਖ਼ਦਸ਼ਾ ਹੈ, ਜਿਨ੍ਹਾਂ ਵਿੱਚ ਚੋਟੀ ਦੇ ਹਿਜਬੁਲ ਕਮਾਂਡਰ ਰਿਆਜ਼ ਨਾਇਕੂ ਵੀ ਸ਼ਾਮਿਲ ਸੀ । ਬੁੱਧਵਾਰ ਨੂੰ ਇਸ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਪਹਿਲਾਂ ਇੱਕ ਅੱਤਵਾਦੀ ਨੂੰ ਵੀ ਢੇਰ ਕਰ ਦਿੱਤਾ ਹੈ ।