Torture of prisoners : 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੂੰ ਵੱਖ-ਵੱਖ ਥਾਣਿਆਂ ਤੋਂ ਤਿਹਾੜ ਜੇਲ੍ਹ ਵਿੱਚ ਭੇਜਿਆ ਗਿਆ ਹੈ। ਸਰਬੱਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਦੋਸ਼ ਲਗਾਇਆ ਕਿ ਇਨ੍ਹਾਂ ਕਿਸਾਨਾਂ ਨੂੰ ਡਰਾਉਣ ਲਈ ਉਥੇ ਬੰਦ ਕੈਦੀ ਸਿੰਘਾਂ ‘ਤੇ ਤਸ਼ੱਦਦ ਢਾਏ ਜਾ ਰਹੇ ਹਨ। ਇਸ ਸੰਬੰਧੀ ਹਵਾਰਾ ਕਮੇਟੀ ਨੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਜੇਲ੍ਹ ਦੇ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਦਾ ਤਬਾਦਲਾ ਕੀਤਾ ਜਾਵੇ। ਇਸ ਸੰਬੰਧੀ ਉਨ੍ਹਾਂ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਨੈਸ਼ਨਲ ਹਿਉਮਨ ਰਾਈਟਸ ਕਮੀਸ਼ਨ ਕੋਲ ਜੇਲ੍ਹ ਅਧੀਕਾਰੀਆਂ ਦੇ ਖਿਲਾਫ ਸ਼ਿਕਾਇਤ ਕੀਤੀ ਹੈ।
ਕਮੇਟੀ ਨੇ ਦੋਸ਼ ਲਗਾਏ ਕਿ ਪੰਜਾਬ ‘ਚ ਹੋਈਆ ਟਾਰਗਿਟ ਕਿਲਿੰਗ ਦੇ ਮਾਮਲੇ ਵਿੱਚ ਨਜ਼ਰਬੰਦ ਅਮਨਿੰਦਰ ਸਿੰਘ ਫਤਹਿਗੜ ਸਾਹਿਬ ਤੇ ਧਰਮਿੰਦਰ ਸਿੰਘ ਗੁਗਨੀ ਤਿਹਾੜ ਜੇਲ੍ਹ ਵਿੱਚ ਬੰਦ ਹਨ, ਜਿਨ੍ਹਾਂ ਨੂੰ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਜੇਲ੍ਹ ਦੀ ਅਗਵਾਈ ਹੇਠ 28 ਅਤੇ 29 ਜਨਵਰੀ ਦੀ ਰਾਤ ਨੂੰ ਜੇਲ੍ਹ ਸਟਾਫ਼ ਨੇ ਬੁਰੀ ਤਰ੍ਹਾਂ ਦੇ ਤਸੀਹੇ ਦਿੱਤੇ। ਉਨ੍ਹਾਂ ਦੇ ਕੱਪੜੇ ਲੁਹਾ ਕੇ ਪੁੱਠਾ ਲਟਕਾਇਆ ਗਿਆ ਅਤੇ ਡਾਂਗਾਂ ਨਾਲ ਉਨ੍ਹਾਂ ਨੂੰ ਕੁੱਟਿਆ ਗਿਆ। ਜਥੇਦਾਰ ਨੇ ਕਿਹਾ ਕਿ ਇਹ ਤਸ਼ੱਦਦ ਇਸੇ ਜੇਲ੍ਹ ਵਿੱਚ ਬੰਦ ਕਿਸਾਨਾਂ ਨੂੰ ਡਰਾਉਣ ਲਈ ਕੀਤੇ ਜਾ ਰਹੇ ਸਨ।
ਦੱਸਣਯੋਗ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਹਿੰਸਾ ਸਬੰਧੀ ਉਨ੍ਹਾਂ 120 ਲੋਕਾਂ ਦੀ ਸੂਚੀ ਪ੍ਰਕਾਸ਼ਤ ਕੀਤੀ ਹੈ ਜੋ ਟ੍ਰੈਕਟਰ ਰੈਲੀ ਦੌਰਾਨ ਹਿੰਸਕ ਹੋਏ ਸੀ। ਕਿਸਾਨਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ।