Tragedy of Japanese tourist : ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ ਕਾਰਨ ਦੇਸ਼-ਵਿਦੇਸ਼ ਦੇ ਲੋਕ ਵੱਖ-ਵੱਖ ਦੇਸ਼ਾਂ/ ਸੂਬਿਆਂ ਵਿਚ ਫਸ ਗਏ ਹਨ, ਨਾ ਤਾਂ ਉਹ ਆਪਣੇ ਦੇਸ਼ ਜਾ ਸਕਦੇ ਹਨ ਤੇ ਨਾ ਹੀ ਉਨ੍ਹਾਂ ਦੀ ਬਿਗਾਣੇ ਦੇਸ਼ ’ਚ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੈ, ਜਿਸ ਨਾਲ ਉਹ ਤਰਸਯੋਗ ਹਾਲਤ ’ਚ ਉਥੇ ਸਮਾਂ ਬਿਤਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਇਕ ਜਾਪਾਨ ਤੋਂ ਆਏ ਟੂਰਿਸਟ ਦਾ, ਜੋਕਿ ਟੂਰਿਸਟ ਵੀਜ਼ਾ ਲੈ ਕੇ ਭਾਰਤ ਘੁੰਮਣ ਆਇਆ ਸੀ ਤੇ ਪਿਛਲੇ 40 ਦਿਨਾਂ ਤੋਂ ਚੱਲ ਰਹੇ ਲੌਕਡਾਊਨ ਕਾਰਨ ਭਾਰਤ ਵਿਚ ਫਸਿਆ ਹੋਇਆ ਹੈ। ਲੌਕਡਾਊਨ ਸ਼ੁਰੂ ਹੋਣ ਵਾਲੇ ਦਿਨ ਉਹ ਪਠਾਨਕੋਟ ਵਿਚ ਸੀ ਅਤੇ ਉਥੋਂ ਉਸ ਦੀ ਹਾਲਤ ਨੂੰ ਦੇਖਦੇ ਹੋਏ ਸ਼ਹਿਰ ਦਾ ਇਕ ਨੌਜਵਾਨ ਇਕ ਦਿਨ ਪਹਿਲਾਂ ਹੀ ਉਸ ਨੂੰ ਆਪਣੇ ਨਾਲ ਪਠਾਨਕੋਟ ਤੋਂ ਫਰੀਦਕੋਟ ਲੈ ਕੇ ਆਇਆ ਹੈ। ਸੂਚਨਾ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਰਓਮਾ ਤਨਾਕਾ ਨਾਂ ਦੇ ਜਾਪਾਨੀ ਨਾਗਰਿਕ ਨੂੰ ਇਥੇ ਦੇ ਅਫਸਰ ਕਲੱਬ ਵਿਚ ਕੁਆਰੰਟੀਨ ਕਰਵਾ ਦਿੱਤਾ ਹੈ ਅਤੇ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਨਾਲ ਹੀ ਉਸ ਬਾਰੇ ਦਿੱਲੀ ਸਥਿਤ ਜਾਪਾਨੀ ਦੂਤਘਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਵਿਚ ਬਲਬੀਰ ਬਸਤੀ ਨਿਵਾਸੀ ਰਾਜਕੁਮਾਰ ਨੇ ਦੱਸਿਆ ਕਿ ਲੌਕਡਾਊਨ ਕਾਰਨ ਉਹ ਵੀ ਆਪਣੀ ਸਹੁਰੇ ਘਰ ਪਠਾਨਕੋਟ ਵਿਚ ਫਸਿਆ ਹੋਇਆ ਸੀ। ਇਕ ਦਿਨ ਪਹਿਲਾਂ ਜਦੋਂ ਉਹ ਆਪਣੀ ਬਾਈਕ ’ਤੇ ਪਠਾਨਕੋਟ ਤੋਂ ਵਾਪਸ ਆ ਰਿਹਾ ਸੀ ਤਾਂ ਉਥੇ ਰੋਡ ’ਤੇ ਉਸ ਨੂੰ ਰੌਂਦਾ ਹੋਇਆ ਇਹ ਜਾਪਾਨੀ ਨਾਗਰਿਕ ਮਿਲਿਆ। ਉਸ ’ਤੇ ਤਰਸ ਕਰਦਿਆਂ ਉਸ ਨੇ ਫਰੀਦਕੋਟ ਪ੍ਰਸ਼ਾਸਨ ਤੋਂ ਮਦਦ ਦਿਵਾਉਣ ਦੀ ਗੱਲ ਕਹੀ ਅਤੇ ਆਪਣੇ ਨਾਲ ਫਰੀਦਕੋਟ ਲੈ ਆਇਆ ਅਤੇ ਇਥੇ ਆਉਂਦਿਆਂ ਹੀ ਪੁਲਿਸ ਨੂੰ ਸੂਚਨਾ ਦਿੱਤੀ। ਜਾਪਾਨੀ ਨਾਗਰਿਕ ਨੇ ਆਪਣੀ ਆਪਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਜਿਸ ਦਿਨ ਭਾਰਤ ਵਿਚ ਲੌਕਡਾਊਨ ਹੋਇਆ, ਉਹ ਪਠਾਨਕੋਟ ਵਿਚ ਸੀ ਅਤੇ ਉਥੇ ਇਕ ਹੋਟਲ ਵਿਚ ਰੁਕ ਗਿਆ।
ਜਦੋਂ ਉਸ ਕੋਲ ਪੈਸੇ ਖਤਮ ਹੋ ਗਏ ਤਾਂ ਹੋਟਲ ਵਾਲਿਆਂ ਨੇ ਉਸ ਨੂੰ ਕੱਢ ਦਿੱਤਾ। ਉਸ ਨੇ ਉਥੇ ਕਈ ਲੋਕਾਂ ਤੋਂ ਮਦਦ ਮੰਗੀ, ਪਰ ਕਿਸੇ ਨੇ ਉਸ ਦੀ ਸੁਣਵਾਈ ਨਹੀਂ ਕੀਤੀ ਅਤੇ ਰਸਤੇ ਵਿਚ ਫਰੀਦਕੋਟ ਦੇ ਇਸ ਨੌਜਵਾਨ ਨਾਲ ਉਹ ਇਥੇ ਆ ਗਿਆ। ਇਸ ਮਾਮਲੇ ਵਿਚ ਐਸਡੀਐਮ ਪਰਮਦੀਪ ਸਿੰਘ ਨੇ ਕਿਹਾ ਕਿ ਜਾਪਾਨੀ ਨਾਗਰਿਕ ਜਨਵਰੀ 2020 ਵਿਚ ਟੂਰਿਸਟ ਵੀਜ਼ਾ ਲੈ ਕੇ ਭਾਰਤ ਆਇਆ ਸੀ ਅਤੇ ਦਿੱਲੀ, ਮੁੰਬਈ, ਕੋਲਕਾਤਾ ਘੁੰਮਦੇ ਹੋਏ ਚੰਬਾ (ਹਿਮਾਚਲ) ਪਹੁੰਚ ਗਿਆ ਸੀ। ਚੰਬਾ ਤੋਂ ਵਾਪਿਸ ਪਰਤਦਿਆਂ ਉਹ ਲੌਕਡਾਊਨ ਵਿਚ ਪਠਾਨਕੋਟ ’ਚ ਹੀ ਫਸ ਗਿਆ, ਜਿਥੋਂ ਫਰੀਦਕੋਟ ਦਾ ਨੌਜਵਾਨ ਉਸ ਦੀ ਤਰਸਯੋਗ ਹਾਲਤ ਦੇਖ ਕੇ ਇਥੇ ਲੈ ਆਇਆ। ਉਨ੍ਹਾਂ ਦੱਸਿਆ ਕਿ ਦੋਵੇਂ ਹੀ ਵੱਖ-ਵੱਖ ਬਾਈਕ ’ਤੇ ਪਠਾਨਕੋਟ ਤੋਂ ਫਰੀਦਕੋਟ ਆਏ ਹਨ। ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਨਾਗਰਿਕ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਹਨ। ਨਾਲ ਹੀ ਉਸ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਉਸ ਬਾਰੇ ਦਿੱਲੀ ਸਥਿਤ ਜਾਪਾਨੀ ਦੂਤਘਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਤਾਂਕਿ ਉਹ ਆਪਣੇ ਨਾਗਰਿਕ ਨੂੰ ਵਾਪਿਸ ਭੇਜਣ ਸਬੰਧੀ ਕਾਰਵਾਈ ਸ਼ੁਰੂ ਕਰ ਸਕਣ।