Tragic death of father and son : ਜਲੰਧਰ ਵਿਖੇ ਬੀਤੀ ਰਾਤ ਪੀਰ ਬੋਦਲਾਂ ਬਾਜ਼ਾਰ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਮੀਂਹ ਦੌਰਾਨ ਪਾਣੀ ਵਿਚ ਬਿਜਲੀ ਦੀ ਤਾਰ ਡਿੱਗੇ ਹੋਣ ਕਾਰਨ ਉਥੋਂ ਲੰਘਦੇ ਹੋਏ ਪਿਓ-ਪੁੱਤਾਂ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਪਿਓ-ਪੁੱਤ ਦੁਕਾਨ ਤੋਂ ਆਪਣੇ ਘਰ ਜਾ ਰਹੇ ਸਨ, ਜਿਥੇ ਪੀਰ ਬੋਦਲਾਂ ਬਾਜ਼ਾਰ ਵਿਚ ਰਾਤ ਪਏ ਤੇਜ਼ ਮੀਂਹ ਕਾਰਨ ਪਾਣੀ ਖੜ੍ਹਾ ਹੋਇਆ ਸੀ। ਉਸ ਵਿਚ ਬਿਜਲੀ ਦੀ ਇਕ ਤਾਰ ਡਿੱਗੀ ਹੋਈ ਸੀ। ਜਿਵੇਂ ਹੀ ਦੋਵੇਂ ਪਿਓ-ਪੁੱਤਾਂ ਨੇ ਉਥੋਂ ਲੰਘਣ ਲਈ ਪਾਣੀ ਵਿਚ ਪੈਰ ਧਰਿਆ ਉਹ ਉਥੋਂ ਇਕ ਪੈਰ ਵੀ ਨਾ ਪੁੱਟ ਸਕੇ ਤੇ ਜ਼ਬਰਦਸਤ ਕਰੰਟ ਲੱਗਣ ਨਾਲ ਉਹ ਥਾਂ ’ਤੇ ਹੀ ਡਿੱਗ ਗਏ।
ਸਥਾਨਕ ਵਾਸੀਆਂ ਜਦੋਂ ਦੋਹਾਂ ਪਿਓ-ਪੁੱਤਾਂ ਨੂੰ ਮੌਕੇ ’ਤੇ ਤੜਫਦੇ ਆਪਣੀ ਅੱਖੀਂ ਦੇਖਿਆ ਤਾਂ ਦੌੜ ਕੇ ਉਨ੍ਹਾਂ ਦੀ ਮਦਦ ਲਈ ਆਏ ਅਤੇ ਬੜੀ ਮੁਸ਼ਕਲ ਨਾਲ ਕਰੰਟ ਵਾਲੇ ਪਾਣੀ ਵਿਚੋਂ ਦੋਹਾਂ ਪਿਓ-ਪੁੱਤਾਂ ਨੂੰ ਕੱਢਿਆ ਅਤੇ ਸਥਾਨਕ ਸਿਵਲ ਹਸਪਤਾਲ ਵਿਚ ਤੁਰੰਤ ਲੈ ਕੇ ਗਏ ਪਰ ਉਥੇ ਪਹੁੰਚਣ ’ਤੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ 44 ਸਾਲਾ ਗੁਲਸ਼ਨ ਕੁਮਾਰ ਤੇ ਉਸ ਦਾ ਲਗਭਗ 12 ਸਾਲ ਦਾ ਪੁੱਤਰ ਮਾਨਵ ਅਰੋੜਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਗੁਲਸ਼ ਕੁਮਾਰ ਪੱਕਾ ਬਾਗ ਵਿਚ ਫੋਟੋ ਲੈਮੀਨੇਸ਼ਨ ਦਾ ਕੰਮ ਕਰਦਾ ਸੀ। ਰਾਤ ਨੂੰ ਮੀਂਹ ਦੌਰਾਨ ਉਹ ਅਤੇ ਉਸ ਦਾ ਪੁੱਤਰ ਦੋਵੇਂ ਦੁਕਾਨ ਬੰਦ ਕਰਕੇ ਪੀਰ ਬੋਦਲਾਂ ਬਾਜ਼ਾਰ ਤੋਂ ਘਰ ਨੂੰ ਜਾ ਰਹੇ ਸਨ ਕਿ ਉਥੇ ਖੜ੍ਹੇ ਪਾਣੀ ਵਿਚ ਡਿੱਗੀ ਬਿਜਲੀ ਦੀ ਤਾਰ ਕਾਰਨ ਉਥੋਂ ਲੰਘਦੇ ਹੋਏ ਕਰੰਟ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਇਸ ਨੂੰ ਰੱਬ ਦਾ ਭਾਣਾ ਕਹਾਂਗੇ ਜਾਂ ਫਿਰ ਬਿਜਲੀ ਵਿਭਾਗ ਦੀ ਅਣਗਹਿਲੀ, ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰ ਗਈ, ਜਿਥੇ ਇਕੋ ਹੀ ਪਰਿਵਾਰ ਦੇ ਦੋ ਜੀਅ ਇਕੱਠੇ ਹਾਦਸੇ ਦਾ ਸ਼ਿਕਾਰ ਹੋ ਗਏ। ਉਥੇ ਪਰਿਵਾਕ ਮੈਂਬਰਾਂ ਦਾ ਅਚਾਨਕ ਇਸ ਘਟਨਾ ਬਾਰੇ ਪਤਾ ਲੱਗਣ ’ਤੇ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ, ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਦੋ ਜੀਅ ਗੁਆ ਦਿੱਤੇ। ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।