Train ticket booking: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਲਾਕਡਾਊਨ ਦੇ ਵਿਚਕਾਰ ਰੇਲਵੇ ਹੌਲੀ-ਹੌਲੀ ਯਾਤਰੀ ਸੇਵਾਵਾਂ ਦੀ ਬਹਾਲੀ ਵੱਲ ਵਧ ਰਿਹਾ ਹੈ । ਸ਼੍ਰਮੀਕ ਸਪੈਸ਼ਲ ਅਤੇ ਏਅਰਕੰਡੀਸ਼ਨਡ ਰਾਜਧਾਨੀ ਸਪੈਸ਼ਲ ਟ੍ਰੇਨਾਂ ਚਲਾਉਣ ਤੋਂ ਬਾਅਦ ਗੈਰ-ਏਅਰ ਕੰਡੀਸ਼ਨਡ ਸਪੈਸ਼ਲ ਟ੍ਰੇਨਾਂ ਵੀ 1 ਜੂਨ ਤੋਂ ਚੱਲਣ ਜਾ ਰਹੀਆਂ ਹਨ । ਇਸ ਦੇ ਨਾਲ ਹੀ ਇੱਕ ਵਿਸ਼ੇਸ਼ ਸ਼ਤਾਬਦੀ ਟ੍ਰੇਨ ਚਲਾਉਣ ਦੀ ਤਿਆਰੀ ਵੀ ਚੱਲ ਰਹੀ ਹੈ। ਰੇਲਵੇ ਵੱਲੋਂ ਇਹ ਫੈਸਲਾ ਗ੍ਰਹਿ ਮੰਤਰਾਲਾ ਅਤੇ ਸਿਹਤ ਮੰਤਰਾਲਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਜਿਸ ਤੋਂ ਬਾਅਦ ਹੁਣ ਭਾਰਤੀ ਰੇਲਵੇ ਜਲਦੀ ਹੀ ਟਿਕਟਾਂ ਦੀ ਆਫਲਾਈਨ ਬੁਕਿੰਗ ਸ਼ੁਰੂ ਕਰਨ ਜਾ ਰਿਹਾ ਹੈ ।
22 ਮਈ ਤੋਂ ਇਹ ਸਹੂਲਤ ਦੇਸ਼ ਵਿੱਚ ਤਕਰੀਬਨ 1.7 ਲੱਖ ਕਾਮਨ ਸਰਵਿਸ ਸੈਂਟਰਾਂ (CSC) ‘ਤੇ ਉਪਲਬਧ ਹੋਵੇਗੀ । ਉੱਥੇ ਜਾ ਕੇ ਲੋਕ ਰੇਲ ਦੀ ਟਿਕਟ ਕਟਾ ਸਕਣਗੇ। ਦੱਸ ਦੇਈਏ ਕਿ ਫਿਲਹਾਲ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ‘ਤੇ ਟਿਕਟਾਂ ਉਪਲਬਧ ਨਹੀਂ ਹੋਣਗੀਆਂ। ਉਸ ਲਈ ਅਗਲੇ ਦੋ-ਤਿੰਨ ਵਿੱਚ ਪ੍ਰਬੰਧ ਕੀਤੇ ਜਾਣਗੇ । ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਸ ਸਬੰਧ ਵਿੱਚ ਇੱਕ ਪ੍ਰੋਟੋਕੋਲ ਤਿਆਰ ਕੀਤਾ ਜਾ ਰਿਹਾ ਹੈ। ਗੋਇਲ ਨੇ ਇਹ ਵੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਨੂੰ ਸਾਧਾਰਨ ਹਾਲਾਤਾਂ ਵਿੱਚ ਲਿਜਾਇਆ ਜਾਵੇ ।
ਰੇਲਵੇ ਨੇ ਚਲਾਈਆਂ 200 ਟ੍ਰੇਨਾਂ
ਰੇਲਵੇ ਨੇ 100 ਜੋੜੀ ਟ੍ਰੇਨਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਚਾਲੂ ਹੋਣਗੀਆਂ। ਇਨ੍ਹਾਂ ਵਿੱਚ ਦੁਰਾਂਟੋ, ਸੰਪ੍ਰਕ ਕ੍ਰਾਂਤੀ, ਜਨ ਸ਼ਤਾਬਦੀ ਅਤੇ ਪੂਰਵਾ ਐਕਸਪ੍ਰੈਸ ਵਰਗੀਆਂ ਮਸ਼ਹੂਰ ਟ੍ਰੇਨਾਂ ਸ਼ਾਮਿਲ ਹਨ। ਇਨ੍ਹਾਂ ਟ੍ਰੇਨਾਂ ਵਿੱਚ ਏਸੀ ਅਤੇ ਨਾਨ-ਏਸੀ ਦੋਵੇਂ ਕੋਚ ਹੋਣਗੇ। ਕੋਈ ਵੀ ਕੋਚ ਅਣ-ਰਜਿਸਟਰਡ ਨਹੀਂ ਹੋਵੇਗਾ। ਇਨ੍ਹਾਂ ਟ੍ਰੇਨਾਂ ਦਾ ਕਿਰਾਇਆ ਆਮ ਹੋਵੇਗਾ। ਇਨ੍ਹਾਂ ਟ੍ਰੇਨਾਂ ਦੀ ਬੁਕਿੰਗ ਵੀਰਵਾਰ ਸਵੇਰੇ 10 ਵਜੇ ਤੋਂ IRCTC ‘ਤੇ ਸ਼ੁਰੂ ਹੋ ਗਈ ਹੈ ।
ਆਨਲਾਈਨ ਇਸ ਤਰ੍ਹਾਂ ਬੁੱਕ ਕਰੋ ਟਿਕਟ
IRCTC ਦੀ ਸਾਈਟ (www.irctc.co.in) ਤੇ ਲੌਗਇਨ ਕਰੋ। ਇਸ ਤੋਂ ਬਾਅਦ ‘Book Your Ticket’ ਪੇਜ਼ ‘ਤੇ ਜਾਓ। ਇਸ ਤੋਂ ਇਲਾਵਾ IRCTC ਦੇ ਮੋਬਾਈਲ ਐਪ ਤੋਂ ਟਿਕਟਾਂ ਵੀ ਬੁੱਕ ਕਰ ਸਕਦੇ ਹੋ। ਟ੍ਰੇਨ ਦੀ ਉਪਲਬਧਤਾ ਅਤੇ ਕਿਰਾਏ ਦੀ ਜਾਂਚ ਕਰਨ ਲਈ’check availability & Fare’ ‘ਤੇ ਕਲਿੱਕ ਕਰੋ। ਇਸਦੇ ਬਾਅਦ ਤੁਸੀਂ Book Now ‘ਤੇ ਕਲਿਕ ਕਰਕੇ ਅੱਗੇ ਵਧੋ।ਇਸ ਤੋਂ ਬਾਅਦ ਯਾਤਰੀਆਂ ਦਾ ਵੇਰਵਾ ਪੁੱਛਿਆ ਜਾਵੇਗਾ। ਇਸ ਤੋਂ ਬਾਅਦ ਭੁਗਤਾਨ ਦੀ ਵਾਰੀ ਆਵੇਗੀ। ਜਿਸ ਤੋਂ ਬਾਅਦ ਟਿਕਟ ਬੁਕਿੰਗ ਦਾ ਸੰਦੇਸ਼ ਤੁਹਾਡੇ ਦਿੱਤੇ ਨੰਬਰ ‘ਤੇ ਭੇਜਿਆ ਜਾਵੇਗਾ। ਰਜਿਸਟਰਡ ਆਈਡੀ ਤੇ ਇੱਕ ਈਮੇਲ ਵੀ ਭੇਜਿਆ ਜਾਵੇਗਾ। ਤੁਸੀਂ IRCTC ਦੀ ਸਾਈਟ ਤੋਂ ਟਿਕਟ ਵੀ ਡਾਊਨਲੋਡ ਕਰ ਸਕਦੇ ਹੋ।