Transfer of medical college principal : ਅੰਮ੍ਰਿਤਸਰ : ਪੀਪੀਈ ਘਪਲੇ ਵਿਚ ਵੱਡੀ ਕਾਰਵਾਈ ਕਦੇ ਹੋਏ ਅੰਮ੍ਰਿਤਸਰ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਦੇ ਅਹੁਦੇ ’ਤੇ ਤਾਇਨਾਤ ਡਾ. ਸੁਜਾਤਾ ਸ਼ਰਮਾ ਨੂੰ ਹਟਾ ਕੇ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਉਸ ਦੀ ਥਾਂ ਵਿਭਾਗ ਵੱਲੋਂ ਰੇਡੀਓਥੈਰੇਪੀ ਦੇ ਪ੍ਰੋਫੈਸਰ ਡਾ. ਰਾਜੀਵ ਕੁਮਾਰ ਦੇਵਗਨ ਨੂੰ ਨਵਾਂ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਡਾਕਟਰ ਸੁਜਾਤਾ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਪ੍ਰਿੰਸੀਪਲ ਦੇ ਅਹੁਦੇ ’ਤੇ ਤਾਇਨਾਤ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਟਰਾਂਸਫਰ ਕੋਰੋਨਾ ਦੇ ਇਲਾਜ ਵਿਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਪੀਪੀਈ ਕਿੱਟਾਂ ਦੀ ਖਰੀਦ ਵਿਚ ਹੋਏ ਕਥਿਤ ਘਪਲੇ ਦੇ ਚੱਲਦਿਆਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਕਥਿਤ ਪੀਪੀਈ ਕਿੱਟ ਦੇ ਖਰੀਦ ਘਪਲੇ ਦੀ ਜਾਂਚ ਕੇਂਦਰ ਸਰਕਾਰ ਦੇ ਦਖਲ ਅਤੇ ਕੈਪਟਨ ਸਰਕਾਰ ਨੂੰ ਚਿੱਠੀ ਲਿਖੇ ਜਾਣ ਤੋਂ ਬਾਅਦ ਸ਼ੁਰੂ ਤਾਂ ਹੋ ਗਈ ਪਰ ਸਾਰੇ ਵਿਭਾਗੀ ਮੁਖੀਆਂ ਅਤੇ ਡਾਕਟਰਾਂ ਦੇ ਬਿਆਨ ਦਰਜ ਨਹੀਂ ਹੋ ਸਕੇ। ਦੱਸ ਦੇਈਏ ਕਿ ਅਪ੍ਰੈਲ ਵਿੱਚ ਹਸਪਤਾਲ ਵਿੱਚ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਸੰਭਾਲ ਸਟਾਫ ਨੇ ਲਗਭਗ 2 ਹਜ਼ਾਰ ਪੀਪੀਈ ਕਿੱਟਾਂ ਦੇ ਘਟੀਆ ਹੋਣ ‘ਤੇ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਅਧਿਕਾਰੀਆਂ ‘ਤੇ ਕਿੱਟਾਂ ਲਈ ਤਕਰੀਬਨ 41 ਲੱਖ ਰੁਪਏ ਅਦਾ ਕਰਨ ਦਾ ਵੀ ਦੋਸ਼ ਲਾਇਆ ਸੀ, ਜਿਸ ਦੇ ਅਨੁਸਾਰ ਸਟਾਫ ਨੂੰ 7 ਲੱਖ ਰੁਪਏ ਤੋਂ ਵੱਧ ਦੀ ਕੀਮਤ ਨਹੀਂ ਹੋਣੀ ਚਾਹੀਦੀ ਸੀ। ਇਸ ਮਾਮਲੇ ਦੀ ਜਾਂਚ ਲਈ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ।
ਇਸ ਮਾਮਲੇ ਵਿਚ ਜਾਂਚ ਦੀ ਅਗਵਾਈ ਕਰ ਰਹੀ ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਦੇ ਮੁੱਖ ਪ੍ਰਬੰਧਕ, ਡਾ. ਪੱਲਵੀ ਚੌਧਰੀ ਨੇ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਮੈਡੀਸਨ ਵਿਭਾਗ ਦੇ ਮੁਖੀ ਅਤੇ Covid-19 ਦੇ ਨੋਡਲ ਅਫਸਰ ਡਾ. ਸ਼ਿਵ ਚਰਨ ਸਿੰਘ ਸਣੇ 20 ਜੀ.ਐੱਮ.ਸੀ.ਐਚ. ਦੇ ਡਾਕਟਰਾਂ ਨੂੰ ਪੁੱਛਗਿੱਛ ਲਈ ਵੀ ਬੁਲਾਇਆ ਸੀ।