Transfer of SMO Dr Manohar Singh : ਫਤਿਹਗੜ੍ਹ ਸਾਹਿਬ : ਸਿਹਤ ਵਿਭਾਗ ਵੱਲੋਂ ਕੈਬਿਨਟ ਮੰਤਰੀ ਚਰਮਜੀਤ ਸਿੰਘ ਚੰਨੀ ਦੇ ਐਸਐਮਓ ਭਰਾ ਡਾ. ਮਨੋਹਰ ਸਿੰਘ ਦਾ ਤਬਾਦਲਾ ਵਿਧਾਨ ਸਭਾ ਹਲਕਾ ਬੱਸੀ ਪਠਾਨਾਂ ਦੇ ਪ੍ਰਾਇਮਰੀ ਸਿਹਤ ਕੇਂਦਰ ਨੰਦਪੁਰ ਕਲੌੜ ਤੋਂ ਚਮਕੌਰ ਸਾਹਿਬ ਕਰ ਦਿੱਤਾ ਗਿਆ ਹੈ, ਜਿਸ ’ਤੇ ਐਸਐਮਓ ਨੇ ਆਪਣਾ ਤਬਾਦਲਾ ਕੀਤੇ ਜਾਣ ’ਤੇ ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਦੋਸ਼ੀ ਠਹਿਰਾਇਆ ਹੈ। ਉਥੇ ਹੀ ਪੂਰੇ ਸਟਾਫ ਨੇ ਐਸਐਮਓ ਦੀ ਹਮਾਇਤ ਕਰਦਿਆਂ ਸਰਕਾਰ ਤੇ ਸਿਹਤ ਵਿਭਾਗ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਦਾ ਤਬਾਦਲਾ ਰੱਦ ਕਰਨ ਦੀ ਮੰਗ ਕੀਤੀ ਹੈ।
ਉਧਰ ਸਟਾਫ ਨੇ ਸਰਕਾਰ ਦੇ ਇਸ ਫੈਸਲੇ ਖਿਲਾਫ ਪ੍ਰਦਰਸ਼ਨ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ ਨੂੰ ਦੁਬਾਰਾ ਨੰਦਪੁਰ ਕਲੌੜ ਵਿਚ ਤਾਇਨਾਤ ਨਾ ਕੀਤਾ ਗਿਆ ਤਾਂ ਉਹ 13 ਜੁਲਾਈ ਨੂੰ ਸਰਕਾਰ ਖਿਲਾਫ ਸੰਘਰਸ਼ ਵਿੱਢਣਗੇ। ਸਟਾਫ ਦਾ ਕਹਿਣਾ ਹੈ ਕਿ ਡਾ. ਮਨੋਹਰ ਸਿੰਘ ਕੋਰੋਨਾ ਮਹਮਾਰੀ ਖਿਲਾਫ ਜੰਗ ਲੜਨ ਵਿਚ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਸਨ ਅਤੇ ਉਨ੍ਹਾਂ ਦਾ ਹੌਸਲਾ ਬਾਕੀ ਸਟਾਫ ਨੂੰ ਵੀ ਇਸ ਜੰਗ ਵਿਚ ਉਤਸ਼ਾਹਿਤ ਕਰਦਾ ਰਿਹਾ ਹੈ। ਅਜਿਹੇ ਵਿਚ ਸਰਕਾਰ ਵੱਲੋਂ ਅਚਾਨਕ ਉਨ੍ਹਾਂ ਦਾ ਤਬਾਦਲਾ ਕਰਨਾ ਗਲਤ ਹੈ, ਜੋਕਿ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਐਸਐਮਓ ਡਾ. ਮਨੋਹਰ ਸਿੰਘ ਦੀ ਅਗਵਾਈ ਵਿਚ ਹੀ ਕੰਮ ਕਰਨਗੇ। ਇਸ ਪ੍ਰਦਰਸ਼ਨ ਦੌਰਾਨ ਡਾ. ਨਵਚੋਤਨ ਸਿੰਘ ਬਾਜਵਾ, ਡਾ. ਰਾਕੇਸ਼ ਬਾਲੀ, ਡਾ. ਨਵਜੋਤ ਅਲਕਾ, ਡਾ. ਜਸਮੀਤ ਕੌਰ, ਡਾ. ਗੁਰਪ੍ਰਤਾਪ ਸਿੰਘ ਤੇ ਹੋਰ ਮੌਜੂਦ ਸਨ।
ਇਸ ਸਬੰਧੀ ਐਸਐਮਓ ਡਾ. ਮਨੋਹਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਤਬਾਦਲੇ ਦੀ ਮੰਗ ਨਹੀਂ ਕੀਤੀ ਸੀ ਫਿਰ ਉਨ੍ਹਾਂ ਨੂੰ ਬਿਨਾਂ ਦੱਸੇ ਤਬਾਦਲਾ ਕਿਉਂ ਕੀਤਾ ਗਿਆ। ਉਨ੍ਹਾਂ ਨੇ ਇਸ ਤਬਾਦਲੇ ਲਈ ਵਿਧਾਇਕ ਨੂੰ ਗੁਰਪ੍ਰੀਤ ਸਿੰਘ ਨੂੰ ਦੋਸ਼ੀ ਠਹਿਰਾਇਆ, ਜਦਕਿ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਐਸਐਮਓ ਦੇ ਤਬਾਦਲੇ ਨੂੰ ਰੁਟੀਨ ਦੀ ਕਾਰਵਾਈ ਦੱਸਦਿਆਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਉਨ੍ਹਾਂ ਕਿਹਾ ਕਿ ਐਸਐਮਓ ਨੇ ਖੁਦ ਆਪਣਾ ਤਬਾਦਲਾ ਆਪਣੇ ਭਰਾ ਦੇ ਹਲਕੇ ਚਮਕੌਰ ਸਾਹਿਬ ਵਿਚ ਕਰਵਾਇਆ ਹੈ।