Twelve youths from Moga : 26 ਜਨਵਰੀ ਨੂੰ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਮੋਗਾ ਜ਼ਿਲ੍ਹੇ ਦੇ 12 ਨੌਜਵਾਨਾਂ ਦੇ ਲਾਪਤਾ ਹੋ ਜਾਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲਗਭਗ 17 ਨੌਜਵਾਨ ਪਿੰਡ ਤਤਾਰੀਏਵਾਲਾ ਤੋਂ ਰਵਾਨਾ ਹੋਏ ਸਨ, ਜਿਨ੍ਹਾਂ ਵਿਚ 12 ਨੌਜਵਾਨਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਕਤ ਨੌਜਵਾਨਾਂ ਨਾਲ ਗੱਲਬਾਤ ਕਰਕੇ ਤੁਰੰਤ ਪਰਿਵਾਰ ਨਾਲ ਰਾਬਤਾ ਕਾਇਮ ਕਰਵਾਉਣ ਅਤੇ ਉਨ੍ਹਾਂ ਨੂੰ ਜਲਦ ਰਿਹਾਅ ਕਰਾ ਕੇ ਘਰ ਵਾਪਸੀ ਕਰਵਾਉਣ।
ਪਿੰਡ ਵਾਸੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਟਿਕਰੀ ਬਾਰਡਰ ਤੋਂ ਪਿੰਡ ਦੇ ਕੁਝ ਨੌਜਵਾਨਾਂ ਨੇ ਫੋਨ ‘ਤੇ ਦੱਸਿਆ ਸੀ ਕਿ ਉਨ੍ਹਾਂ ਦੇ ਪਿੰਡ ਦੇ ਬਾਰਾਂ ਦੇ ਕਰੀਬ ਨੌਜਵਾਨ ਦਿੱਲੀ ਪੁਲਸ ਨੇ ਹਿਰਾਸਤ ਵਿੱਚ ਲੈ ਲਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦਾ ਕਿਸੇ ਪਾਰਟੀ ਜਾਂ ਕਿਸੇ ਹੋਰ ਜਥੇਬੰਦੀ ਨਾਲ ਸਬੰਧ ਨਹੀਂ ਹੈ ਇਹ ਸਿਰਫ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਹੀ ਦਿੱਲੀ ਗਏ ਸਨ । ਲਾਪਤਾ ਹੋਣ ਵਾਲੇ ਨੌਜਵਾਨਾਂ ਵਿੱਚ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਹਰਮੇਲ ਸਿੰਘ, ਦਲਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ, ਜਗਦੀਪ ਸਿੰਘ ਪੁੱਤਰ ਇਕਬਾਲ ਸਿੰਘ, ਜਗਦੀਸ਼ ਸਿੰਘ ਪੁੱਤਰ ਕਰਮ ਸਿੰਘ, ਨਵਦੀਪ ਸਿੰਘ ਪੁੱਤਰ ਜਸਵੰਤ ਸਿੰਘ, ਬਲਧੀਰ ਸਿੰਘ ਪੁੱਤਰ ਮੇਜਰ ਸਿੰਘ, ਭਾਗ ਸਿੰਘ ਪੁੱਤਰ ਕਰਤਾਰ ਸਿੰਘ, ਹਰਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ, ਰਣਜੀਤ ਸਿੰਘ ਪੁੱਤਰ ਲਾਹੌਰ ਸਿੰਘ, ਰਮਨਦੀਪ ਸਿੰਘ ਪੁੱਤਰ ਦਰਬਾਰਾ ਸਿੰਘ, ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਸ਼ਾਮਲ ਹਨ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨਾਂ ਨੂੰ ਜਾਣ ਬੁੱਝ ਕੇ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ । ਉਨ੍ਹਾਂ ਪੂਰੀ ਪੰਚਾਇਤ ਵੱਲੋਂ ਉਕਤ ਨੌਜਵਾਨਾਂ ਦੀ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਉਕਤ ਨੌਜਵਾਨਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਪਰਚਾ ਨਹੀਂ ਹੈ ਅਤੇ ਨਾ ਹੀ ਉਕਤ ਨੌਜਵਾਨਾ ਦਾ ਕਿਸੇ ਭੜਕਾਊ ਜਥੇਬੰਦੀ ਨਾਲ ਸਬੰਧ ਹੈ। ਉਕਤ ਨੌਜਵਾਨ ਕਿਸਾਨੀ ਪੇਸ਼ੇ ਨਾਲ ਸਬੰਧਤ ਹਨ ਅਤੇ ਗ਼ਰੀਬ ਘਰਾਂ ਦੇ ਵਿਅਕਤੀ ਹਨ । ਉਨ੍ਹਾਂ ਕਿਹਾ ਸੀ ਏਕਤਾ ਉਗਰਾਹਾਂ ਅਤੇ ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਤੇ ਉਕਤ ਨੌਜਵਾਨਾਂ ਨੌਜਵਾਨਾਂ ਦੀ ਭਾਲ ਕਰ ਕੇ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ ਅਤੇ ਉਨ੍ਹਾਂ ਨੌਜਵਾਨਾਂ ਦੀ ਤੁਰੰਤ ਰਿਹਾਈ ਕਰਾਈ ਜਾਵੇ ।