ਜਲੰਧਰ ਵਿਚ ਜ਼ਮੀਨ ਰਜਿਸਟਰ ਕਰਵਾਉਣ ਆਈਆਂ ਦੋ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ। ਪੈਸੇ ਗਿਣਦੇ ਸਮੇਂ ਦੋਵਾਂ ਵਿਚਾਲੇ ਇਸ ਹੱਦ ਤੱਕ ਵਿਵਾਦ ਭੜਕਿਆ ਕਿ ਔਰਤਾਂ ਤੱਕ ਨੂੰ ਨਹੀਂ ਬਖਸ਼ਿਆ ਗਿਆ। ਔਰਤਾਂ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ। ਇਹ ਵੇਖ ਕੇ ਉਥੇ ਹਲਚਲ ਮਚ ਗਈ। ਜਿਸ ਤੋਂ ਬਾਅਦ ਤਹਿਸੀਲ ਵਿੱਚ ਮੌਜੂਦ ਲੋਕਾਂ ਨੇ ਦਖਲ ਦਿੱਤਾ ਅਤੇ ਉਨ੍ਹਾਂ ਨੂੰ ਸ਼ਾਂਤ ਕਰਾਇਆ, ਜਿਸ ਤੋਂ ਬਾਅਦ ਜ਼ਮੀਨ ਦਾ ਸੌਦਾ ਵੀ ਸਿਰੇ ਚੜ੍ਹ ਗਿਆ।
ਮਾਮਲਾ ਸ਼ੁੱਕਰਵਾਰ ਸ਼ਾਮ ਦਾ ਹੈ ਪਰ ਹੁਣ ਇਸ ਦੀ ਵੀਡੀਓ ਸਾਹਮਣੇ ਆਈ ਹੈ। ਹਾਲਾਂਕਿ, ਬਾਅਦ ਵਿੱਚ ਦੋਵੇਂ ਧਿਰਾਂ ਨੇ ਇੱਕ ਦੂਜੇ ਤੋਂ ਮੁਆਫੀ ਮੰਗੀ। ਜਿਸ ਤੋਂ ਬਾਅਦ ਪੁਲਿਸ ਨੂੰ ਕੋਈ ਸ਼ਿਕਾਇਤ ਨਹੀ ਕੀਤੀ ਗਈ ਹੈ।
ਹੋਇਆ ਇਹ ਕਿ ਮਿੱਠਾਪੁਰ ਨੇੜੇ ਅਲੀਪੁਰ ਵਿੱਚ, ਸਵਾ ਦੋ ਮਰਲੇ ਲਈ ਇੱਕ ਪਲਾਟ ਦਾ ਸੌਦਾ ਹੋਇਆ ਸੀ, ਜਿਸਦੀ ਕੀਮਤ 1.40 ਲੱਖ ਤੈਅ ਹੋਈ ਸੀ। ਸ਼ੁੱਕਰਵਾਰ ਨੂੰ ਉਹ ਜਲੰਧਰ ਤਹਿਸੀਲ ’ਚ ਰਜਿਸਟਰੀ ਕਰਵਾਉਣ ਪਹੁੰਚ ਗਏ। ਇਸ ਤੋਂ ਪਹਿਲਾਂ ਰਜਿਸਟਰੀ ਦੀ ਫਾਰਮੈਲਿਟੀ ਪੂਰੀ ਕਰਵਾਉਣ ਲੂੰ ਲੈ ਕੇ ਵਸੀਕਾਨਵੀਸ ਦੇ ਕੋਲ ਗਏ। ਉਥੇ ਉਨ੍ਹਾਂ ਵਿਚਕਾਰ ਇਹ ਗੱਲ ਪੱਕੀ ਹੋ ਗਈ ਤਾਂ ਖਰੀਦਦਾਰ ਨੇ ਵੇਚਣ ਵਾਲੇ ਨੂੰ ਪੈਸੇ ਦੇ ਦਿੱਤੇ। ਇਸ ਤੋਂ ਬਾਅਦ ਜ਼ਮੀਨ ਦਾ ਮਾਲਕ ਰੁਪਏ ਗਿਣਨ ਲੱਗਾ। ਇਸ ਦੌਰਾਨ ਖਰੀਦਦਾਰ ਨੇ ਜ਼ਮੀਨ ਵੇਚਣ ਵਾਲੇ ਨੂੰ ਵਾਰ-ਵਾਰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕਿੰਨੇ ਰੁਪਏ ਹੋਏ।
ਦੋ ਵਾਰ ਤਾਂ ਉਸ ਨੇ ਦੱਸਿਆ ਪਰ ਜਦੋਂ ਖਰੀਦਦਾਰ ਵਾਰ-ਵਾਰ ਪੁੱਛਦਾ ਰਿਹਾ ਤਾਂ ਜ਼ਮੀਨ ਮਾਲਕ ਭੜ ਉਠਿਆ ਅਤੇ ਉਸ ਨੇ ਕਿਹਾ ਕਿ ਮੈਂ ਤੈਨੂੰ ਜ਼ਮੀਨ ਨਹੀਂ ਵੇਚਣੀ ਹੈ। ਇਸ ਤੋਂ ਬਾਅਦ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਸਥਿਤੀ ਇਹ ਬਣ ਗਈ ਕਿ ਦੋਵਾਂ ਪਾਸਿਆਂ ਤੋਂ ਆਈਆਂ ਔਰਤਾਂ ਨੂੰ ਵੀ ਕੁੱਟਿਆ ਗਿਆ। ਥੋੜ੍ਹੇ ਸਮੇਂ ਵਿਚ ਹੀ ਤਹਿਸੀਲ ਅਖਾੜਾ ਬਣ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਘਰ ਦੇ ਬਾਹਰ ਟਰੈਕਟਰ ਲਾਇਆ ਤਾਂ ਨੌਜਵਾਨ ਨੇ ਕਿਸਾਨ ਨੂੰ ਕਰ ਦਿੱਤਾ ਕਤਲ
ਦੋਵਾਂ ਧਿਰਾਂ ਨੂੰ ਆਪਸ ਵਿਚ ਲੜਦਿਆਂ ਵੇਖ ਕੇ ਆਲੇ-ਦੁਆਲੇ ਦੇ ਲੋਕ ਉਨ੍ਹਾਂ ਨੂੰ ਛੁਡਾਉਣ ਆਏ। ਜ਼ਮੀਨ ਵੇਚਣ ਵਾਲੇ ਨੂੰ ਸਮਝਾਇਆ ਗਿਆ ਕਿ ਖਰੀਦਦਾਰ ਨੂੰ ਫਿਕਰ ਹੈ ਕਿ ਰੁਪਏ ਪੂਰੇ ਹੋਏ ਜਾਂ ਨਹੀਂ ਅਤੇ ਖਰੀਦਦਾਰ ਨੂੰ ਸਮਝਾਇਆ ਗਿਆ ਕਿ ਵਾਰ-ਵਾਰ ਨਾ ਪੁੱਛੇ, ਸਗੋਂ ਖੁਦ ਹੀ ਉਸ ਨੂੰ ਰੁਪੇ ਗਿਣਦੇ ਹੋਏ ਵੇਖਦਾ ਰਿਹਾ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਇਨ੍ਹਾਂ ਦੀ ਰਜਿਸਟਰੀ ਲਿਖਣ ਵਾਲੇ ਵਸੀਕਾਨਵੀਸ ਪ੍ਰੀਤਮ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਦੇ ਵਿੱਚ ਦਾ ਸੌਦਾ ਤੈਅ ਹੋ ਗਿਆ ਹੈ। ਹੁਣ ਰਜਿਸਟਰੀ ਹੋ ਜਾਏਗੀ।