Two police officials donate : ਫਰੀਦਕੋਟ ’ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਇਲਾਜ ਲਈ ਇਸ ਮਹਾਮਾਰੀ ਤੋਂ ਸਿਹਤਯਾਬ ਹੋ ਚੁੱਕੇ ਦੋ ਪੁਲਿਸ ਅਧਿਕਾਰੀਆਂ ਨੇ ਆਪਣਾ ਪਲਾਜ਼ਮਾ ਦਾਨ ਕਰਕੇ ਜ਼ਿਲ੍ਹੇ ਵਿਚ ਸ਼ਲਾਘਾਯੋਗ ਪਹਿਲ ਕੀਤੀ। ਇਸ ਨਾਲ ਕੋਰੋਨਾ ਨੂੰ ਮਾਤ ਦੇਣ ਵਾਲੇ ਹੋਰ ਲੋਕ ਵੀ ਆਪਣਾ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹਿਤ ਹੋਣਗੇ। ਇਹ ਜਾਣਕਾਰੀ ਦਿੰਦਿਆਂ ਐਸਐਸਪੀ ਫਰੀਦਕੋਟ ਸਵਰਨਦੀਪ ਸਿੰਘ ਨੇ ਦੱਸਿਆ ਕਿ ਦੋ ਪੁਲਿਸ ਅਧਿਕਾਰੀ ਹਰਮੇਲ ਸਿੰਘ ਐਸ.ਆਈ. ਅਤੇ ਚਮਕੌਰ ਸਿੰਘ, ਏਐਸਆਈ ਕੋਰੋਨਾ ਨੂੰ ਮਾਤ ਦੇ ਕੇ ਸਿਹਤਮੰਦ ਹੋ ਚੁੱਕੇ ਹਨ। ਇਨ੍ਹਾਂ ਦੋਹਾਂ ਅਧਿਕਾਰੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਸਥਾਪਤ ਪਲਾਜ਼ਮਾ ਬੈਂਕ ਵਿਖੇ ਪਲਾਜ਼ਮਾ ਦਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਦੂਸਰੇ ਕੋਰੋਨਾ ਤੋਂ ਸਿਹਤਮੰਦ ਹੋ ਚੁੱਕੇ ਲੋਕਾਂ ਲਈ ਪ੍ਰੇਰਣਾਸਰੋਤ ਬਣ ਜਾਣਗੇ। ਇਸ ਨਾਲ ਹੋਰ ਵੀ ਅਜਿਹੇ ਲੋਕ ਆਪਣਾ ਪਲਾਜ਼ਮਾ ਕਰਨ ਲਈ ਅੱਗੇ ਆਉਣਗੇ, ਜਿਸ ਨਾਲ ਗੰਭੀਰ ਮਰੀਜ਼ਾਂ ਦਾ ਇਲਾਜ ਹੋ ਸਕੇਗਾ। ਇਸ ਮੌਕੇ ਐਸਐਸਪੀ ਨੇ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਉਨ੍ਹਾਂ ਸਾਰੇ ਲੋਕਾਂ ਨੂੰ ਆਪਣਾ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪਲਾਜ਼ਮਾ ਦਾਨ ਕਰਨ ਵਾਲੇ ਦੋਹਾਂ ਅਧਿਕਾਰੀਆਂ ਨੂੰ ਆਪਣੇ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।
ਦੱਸਣਯੋਗ ਹੈ ਹੈ ਕਿ ਕੋਰੋਨਾ ਮਹਾਮਾਰੀ ਤੋਂ ਸਿਹਤਯਾਬ ਹੋ ਚੁੱਕੇ ਲੋਕਾਂ ਦੇ ਸਰੀਰ ’ਚ ਅਜਿਹੇ ਐਂਟੀਬਾਡੀਜ਼ ਦਾ ਨਿਰਮਾਣ ਹੋ ਜਾਂਦਾ ਹੈ ਜਿਸ ਨਾਲ ਹੋਰ ਰੋਗੀਆਂ ਦੀ ਵੀ ਪਲਾਜ਼ਮਾ ਥੈਰੇਪੀ ਨਾਲ ਜਾਨ ਬਚਾਈ ਜਾ ਸਕਦੀ ਹੈ। ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਇਸ ਨਾਲ ਮੌਤਾਂ ਦੀ ਦਰ ਵਿਚ ਵੀ ਕਾਫੀ ਵਾਧਾ ਹੋ ਰਿਹਾ ਹੈ, ਜਿਸ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਵੀ ਲਗਾਤਾਰ ਅਜਿਹੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।