Two villages in Punjab fined : ਖੇਤੀ ਕਾਲੇ ਕਾਨੂੰਨਾਂ ਵਿਰੁੱਧ ਅੱਜ ਕਿਸਾਨ ਅੰਦੋਲਨ 50ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਕਿਸਾਨ ਆਪਣੇ ਹੱਕਾਂ ਲਈ ਡਟੇ ਹੋਏ ਹਨ।ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਵਿਚਾਲੇ ਗਤੀਰੋਧ ਜਾਰੀ ਹੈ। ਕਿਸਾਨਾਂ ਵੱਲੋਂ ਗਣਤੰਤਰ ਦਿਵਸ ‘ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਤੋਂ ਹੋਰ ਟਰੈਕਟਰ ਭੇਜੇ ਜਾ ਰਹੇ ਹਨ। ਉਥੇ ਹੀ ਪੰਜਾਬ ਦੇ ਦੋ ਪਿੰਡਾਂ ਨੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਵਾਲਿਆਂ ’ਤੇ ਜੁਰਮਾਨਾ ਲਗਾ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਦੇ ਭੁੱਲਰਹੇੜੀ ਪਿੰਡ ਨੇ 2,100 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ, ਜਦਕਿ ਮੋਗਾ ਦੇ ਰਾਊਕੇ ਕਲਾਂ ਉਨ੍ਹਾਂ ਲੋਕਾਂ ਤੋਂ 1200 ਰੁਪਏ ਵਸੂਲ ਕਰੇਗਾ, ਜੋ ਲੋਕਗਣਤੰਤਰ ਦਿਵਸ ਦੀ ਟਰੈਕਟਰ ਰੈਲੀ ਵਿਚ ਜਾਣ ਲਈ ਤਿਆਰ ਨਹੀਂ ਹਨ। ਸੰਗਰੂਰ ਵਿੱਚ ਇਹ ਐਲਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਸਮੂਹ ਨੇਤਾਵਾਂ ਦੀ ਹਾਜ਼ਰੀ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਰੈਲੀ ਵਿਚ ਸ਼ਾਮਲ ਨਾ ਹੋਣ ਵਾਲਿਆਂ ‘ਤੇ 2,100 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਹ ਵਿਵਾਦਪੂਰਨ ਐਲਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਜਸਬੀਰ ਸਿੰਘ, ਅਵਤਾਰ ਸਿੰਘ ਅਤੇ ਭੁਪਿੰਦਰ ਸਿੰਘ ਨੇ ਸਥਾਨਕ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਸੀ।
ਐਲਾਨ ਵਿੱਚ ਕਿਹਾ ਗਿਆ ਹੈ, “ਇਹ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਟਰੈਕਟਰ ਰੈਲੀ ਵਿੱਚ ਸ਼ਾਮਲ ਨਾ ਹੋਣ ਵਾਲੇ ਲੋਕਾਂ ਨੂੰ 2,100 ਰੁਪਏ ਅਦਾ ਕਰਨੇ ਪੈਣਗੇ। ਤੁਸੀਂ ਇਸ ਨੂੰ ਜੁਰਮਾਨਾ ਜਾਂ ਡੀਜ਼ਲ ਖਰਚਿਆਂ ਲਈ ਯੋਗਦਾਨ ਸਮਝ ਸਕਦੇ ਹੋ ਪਰ ਇਹ ਫੈਸਲਾ ਅੰਤਿਮ ਹੈ।” ਬੀਕੇਯੂ ਨੇਤਾਵਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਲੋਕ ਰੈਲੀ ਵਿੱਚ ਸ਼ਾਮਲ ਨਹੀਂ ਹੋਣਗੇ ਉਨ੍ਹਾਂ ਨੂੰ ਭਵਿੱਖ ਵਿੱਚ ਕਿਸਾਨ ਯੂਨੀਅਨ ਦਾ ਕੋਈ ਸਮਰਥਨ ਨਹੀਂ ਮਿਲੇਗਾ। ਭੁੱਲਰਹੇੜੀ ਪਿੰਡ ਵਿੱਚ 600 ਪਰਿਵਾਰ ਹਨ ਜੋ ਰੈਲੀ ਲਈ 100 ਟਰੈਕਟਰ ਭੇਜੇਗਾ। ਮੋਗਾ ਦੇ ਰਾਊਕੇ ਕਲਾਂ ਵਿੱਚ ਕਿਸਾਨਾਂ ਨੂੰ ਟਰੈਕਟਰ ਮਾਰਚ ਲਈ ਪ੍ਰਤੀ ਏਕੜ ਵਿੱਚ 100 ਰੁਪਏ ਦਾ ਯੋਗਦਾਨ ਪਾਉਣ ਲਈ ਕਿਹਾ ਗਿਆ ਹੈ। ਹਰੇਕ ਪਰਿਵਾਰ ਵਿਚੋਂ ਘੱਟੋ ਘੱਟ ਇਕ ਮੈਂਬਰ ਨੂੰ ਮਾਰਚ ਦਾ ਸਮਰਥਨ ਕਰਨ ਲਈ ਕਿਹਾ ਗਿਆ ਹੈ। ਪੰਜਾਬ ਦੇ ਕਈਂ ਪਿੰਡਾਂ ਵਿੱਚ ਔਰਤਾਂ ਵੀ ਮਾਰਚ ਵਿੱਚ ਹਿੱਸਾ ਲੈਣ ਦੀ ਤਿਆਰੀ ਕਰਦਿਆਂ ਵੇਖੀਆਂ ਗਈਆਂ।