umar akmal appeal: ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾ-ਮੁਕਤ) ਫਕੀਰ ਮੁਹੰਮਦ ਖੋਖਰ ਉਮਰ ਅਕਮਲ ਦੀ ਤਿੰਨ ਸਾਲ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਸੁਣਵਾਈ ਕਰਨਗੇ, ਜਿਨ੍ਹਾਂ ਨੂੰ ਭ੍ਰਿਸ਼ਟ ਸੰਪਰਕਾਂ ਬਾਰੇ ਜਾਣਕਾਰੀ ਦੇਣ ਵਿੱਚ ਅਸਫਲ ਰਹਿਣ ਕਾਰਨ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕੁੱਝ ਮਹੀਨੇ ਪਹਿਲਾਂ, ਪਾਕਿਸਤਾਨ ਕ੍ਰਿਕਟ ਬੋਰਡ ਨੇ ਉਮਰ ਅਮਕਲ ‘ਤੇ ਤਿੰਨ ਸਾਲਾਂ ਲਈ ਪਾਬੰਦੀ ਲਗਾਈ ਸੀ, ਜੋ ਉਦੋਂ ਤੋਂ ਹੀ ਮੀਡੀਆ ਅਤੇ ਸਾਬਕਾ ਕ੍ਰਿਕਟਰਾਂ ਵਿਚਾਲੇ ਚਰਚਾ ਦਾ ਵਿਸ਼ਾ ਰਿਹਾ ਹੈ।
ਅਨੁਸ਼ਾਸਨੀ ਕਮੇਟੀ ਨੇ ਅਕਮਲ ਨੂੰ ਇਸ ਸਾਲ ਪਾਕਿਸਤਾਨ ਸੁਪਰ ਲੀਗ ਤੋਂ ਪਹਿਲਾਂ ਭ੍ਰਿਸ਼ਟ ਸੰਪਰਕ ਬਾਰੇ ਜਾਣਕਾਰੀ ਨਾ ਦੇਣ ਦਾ ਦੋਸ਼ੀ ਪਾਇਆ ਅਤੇ ਪਿੱਛਲੇ ਮਹੀਨੇ ਉਸ ‘ਤੇ ਕ੍ਰਿਕਟ ਦੇ ਸਾਰੇ ਰੂਪਾਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਤੀਹ ਸਾਲਾ ਅਕਮਲ ਨੇ ਆਪਣੀ ਪਾਬੰਦੀ ਨੂੰ ਚੁਣੌਤੀ ਦਿੱਤੀ ਅਤੇ ਪੀਸੀਬੀ ਨੇ ਕਿਹਾ ਹੈ ਕਿ ਜਸਟਿਸ ਖੋਖਰ ਅਪੀਲ ਦੀ ਸੁਣਵਾਈ ਦੀ ਤਰੀਕ ਤੈਅ ਕਰੇਗਾ।
ਖੇਡ ਵੈਬਸਾਈਟ ‘ਜੀਓ’ ਦੇ ਅਨੁਸਾਰ, ਅਕਮਲ ਨੇ ਆਪਣੇ ਕੇਸ ਦੀ ਸੁਣਵਾਈ ਵਿੱਚ ਸਹਾਇਤਾ ਲਈ ਪ੍ਰਧਾਨ ਮੰਤਰੀ ਦੇ ਸੰਸਦੀ ਮਾਮਲਿਆਂ ਦੇ ਸਲਾਹਕਾਰ, ਬਾਬਰ ਅਵਾਨ ਦੀ ਲਾਅ ਫਰਮ ਦੀਆਂ ਸੇਵਾਵਾਂ ਲਾਈਆਂ ਹਨ। ਪਾਕਿਸਤਾਨ ਸੁਪਰ ਲੀਗ ਦੀ ਟੀਮ ਕੋਇਟਾ ਗਲੇਡੀਏਟਰਜ਼ ਲਈ ਖੇਡਣ ਵਾਲੇ ਅਕਮਲ ਨੂੰ ਫਰਵਰੀ 2020 ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ, ਪੀਐਸਐਲ ਵਿੱਚ ਇਸਲਾਮਾਬਾਦ ਖਿਲਾਫ ਪਹਿਲੇ ਮੈਚ ਤੋਂ ਕੁੱਝ ਘੰਟੇ ਪਹਿਲਾਂ ਅਕਮਲ ਨੂੰ ਬੈਨ ਕੀਤਾ ਗਿਆ ਸੀ। ਪਾਕਿਸਤਾਨ ਲਈ ਅਕਤੂਬਰ ਵਿੱਚ ਆਖਰੀ ਵਾਰ ਖੇਡਣ ਵਾਲੇ ਅਕਮਲ ਨੇ 16 ਟੈਸਟ ਮੈਚ, 121ਵਨਡੇ ਅਤੇ 84 ਟੀ 20 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਸ ਵਿੱਚ ਉਸਨੇ ਕ੍ਰਮਵਾਰ 1003, 3194 ਅਤੇ 1690 ਦੌੜਾਂ ਬਣਾਈਆਂ ਹਨ।