Under the pretext of help : ਪਟਿਆਲਾ : ਪੈਸੇ ਦੇ ਲਾਲਚ ਪਿੱਛੇ ਇਨਸਾਨ ਦਾ ਜ਼ਮੀਰ ਇੰਨਾ ਕੁ ਡਿੱਗ ਚੁੱਕਾ ਹੈ ਕਿ ਉਹ ਆਪਣਿਆਂ ਨੂੰ ਵੀ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਰਾਜਪੁਰਾ ਦੇ ਪਿੰਡ ਰਾਮਪੁਰ ਖੁਰਦ ਦਾ ਜਿਥੇ 77 ਸਾਲਾ ਔਰਤ ਜਰਨੈਲ ਕੌਰ ਦੇ ਭਤੀਜੇ ਨੇ ਉਸ ਦੀ ਮਦਦ ਕਰਨ ਦੇ ਬਹਾਨੇ ਉਸ ਨੂੰ 75 ਲੱਖ ਰੁਪਏ ਦਾ ਚੂਨਾ ਲਾ ਦਿੱਤਾ। ਮੁਲਜ਼ਮ ਨੇ 15 ਲੱਖ ਰੁਪਏ ਦਾ ਕਰਜ਼ਾ ਲੈਣ ਦੇ ਬਹਾਨੇ 90 ਲੱਖ ਰੁਪਏ ਦਾ ਕਰਜ਼ਾ ਪਾਸ ਕਰਨ ਤੋਂ ਬਾਅਦ ਆਪਣੀ ਚਾਚੀ ਨੂੰ 15 ਲੱਖ ਰੁਪਏ ਦੇ ਦਿੱਤੇ। ਕੇਸ ਪੰਜ ਸਾਲ ਪਹਿਲਾਂ ਦਾ ਹੈ। ਇਸ ਫਰਜ਼ੀਵਾੜੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਅਦਾਲਤ ਤੋਂ ਨੋਟਿਸ ਆਇਆ। ਔਰਤ ਦੀ ਸ਼ਿਕਾਇਤ ਤੇ ਥਾਣਾ ਸਿਟੀ ਰਾਜਪੁਰਾ ਪੁਲਿਸ ਵੱਲੋਂ ਉਸਦੇ ਭਤੀਜੇ ਅਵਤਾਰ ਸਿੰਘ, ਉਸ ਦੇ ਬੇਟੇ ਗੁਰਵਿੰਦਰ ਸਿੰਘ ਵਾਸੀ ਰਾਮਪੁਰ ਖੁਰਦ, ਸੁੱਖਾ ਸਿੰਘ ਨਿਵਾਸੀ ਪਿੰਡ ਪੱਡੋ ਅਤੇ ਧਿਆਨ ਸਿੰਘ ਵਾਸੀ ਫਤਿਹਗੜ ਸਾਹਿਬ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਔਰਤ ਨੇ ਡੇਢ ਸਾਲ ਪਹਿਲਾਂ ਪੁਲਿਸ ਨੂੰ ਕੋਲ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਕਾਰਵਾਈ ਕੀਤੀ ਗਈ ਹੈ।
ਜਰਨੈਲ ਕੌਰ ਨੇ ਦੱਸਿਆ ਕਿ ਉਸਦੇ ਪਤੀ ਬਖਸ਼ੀਸ਼ ਦੀ ਕਰੀਬ 22 ਸਾਲ ਪਹਿਲਾਂ ਮੌਤ ਹੋ ਗਈ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਦੋਵਾਂ ਪੁੱਤਰਾਂ ਅਤੇ ਧੀ ਦੀ ਜ਼ਿੰਮੇਵਾਰੀ ਉਸ ਉੱਤੇ ਆ ਗਈ। ਪਤੀ ਨੇ ਉਸ ਦੇ ਨਾਮ ‘ਤੇ ਤਕਰੀਬਨ ਛੇ ਕਿੱਲੇ ਜ਼ਮੀਨ ਕਰਵਾ ਦਿੱਤੀ ਸੀ। ਅਜਿਹੀ ਵਿਚ ਜੇਠ ਦੇ ਪੁੱਤਰ ਅਵਤਾਰ ਸਿੰਘ ਨੇ ਵੀ ਕਈ ਵਾਰ ਉਸ ਦੀ ਮਦਦ ਕੀਤੀ ਸੀ। ਲਗਭਗ ਛੇ ਸਾਲ ਪਹਿਲਾਂ, ਜਦੋਂ ਉਸ ਨੂੰ 14 ਲੱਖ ਰੁਪਏ ਦੀ ਲੋੜ ਸੀ, ਅਵਤਾਰ ਸਿੰਘ ਨੇ ਕਿਹਾ ਕਿ ਉਹ ਲੋਨ ਕਰਵਾ ਦੇਵੇਗਾ। ਅਵਤਾਰ ਸਿੰਘ ਨੇ ਪੰਜਾਬ ਐਂਡ ਸਿੰਧ ਬੈਂਕ ਪਿੰਡ ਕੁੱਕੜ ਮਾਜਰਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਮੈਨੇਜਰ ਨਾਲ ਗੱਲਬਾਤ ਕੀਤੀ। ਜਰਨੈਲ ਕੌਰ ਨੇ ਦੱਸਿਆ ਕਿ ਬੈਂਕ ਵਿੱਚ ਉਸ ਸਮੇਂ ਮੈਨੇਜਰ ਭਜਨ ਸਿੰਘ ਤਾਇਨਾਤ ਸੀ। ਉਸ ਨੇ ਲੋਨ ਪਾਸ ਹੋਣ ਦੀ ਗੱਲ ਕਹ।
ਉਹ ਲੋਨ ਪਾਸ ਕਰਵਾਉਣ ਦੀ ਪ੍ਰਕਿਰਿਆ ਦੌਰਾਨ ਸਿਰਫ ਇਕ ਵਾਰ ਬੈਂਕ ਗਈ, ਜਿਸ ਤੋਂ ਬਾਅਦ ਲੋਨ ਨੂੰ ਪਾਸ ਹੋਣ ਬਾਰੇ ਕਿਹਾ ਗਿਆ। ਉਕਤ ਲੋਕਾਂ ਨੇ ਰਾਜਪੁਰਾ ਆ ਕੇ ਹੀ 15 ਲੱਖ ਰੁਪਏ ਦਿੱਤੇ ਸਨ ਅਤੇ ਕਮਿਸ਼ਨ ਲਈ 50 ਹਜ਼ਾਰ ਰੁਪਏ ਵੀ ਲਏ ਸਨ। ਕਰਜ਼ੇ ਦੀ ਕਿਸ਼ਤ 15 ਲੱਖ ਰੁਪਏ ਦੀ ਦਰ ਨਾਲ ਅਦਾ ਕੀਤੀ ਗਈ ਸੀ ਪਰ ਕਰਜ਼ਾ 90 ਲੱਖ ਰੁਪਏ ਹੋਣ ਕਾਰਨ ਸੱਚਾਈ ਦਾ ਖੁਲਾਸਾ ਉਦੋਂ ਹੋਇਆ ਜਦੋਂ ਅਦਾਲਤ ਵੱਲੋਂ ਨੋਟਿਸ ਆਇਆ। ਜਰਨੈਲ ਕੌਰ ਨੇ ਕਿਹਾ ਕਿ ਬੈਂਕ ਲੋਨ ਦੇਣ ਵਾਲੇ ਮੈਨੇਜਰ ਨੇ ਉਸ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਸੀ, ਬਲਕਿ ਬੈਂਕ ਵਿੱਚ ਸਿਰਫ ਇੱਕ ਵਾਰ ਬੁਲਾਇਆ ਸੀ। ਇਸ ਤੋਂ ਬਾਅਦ, ਲੋਨ ਪਾਸ ਕਰਨ ਤੋਂ ਬਾਅਦ, ਬੈਂਕ ਮੈਨੇਜਰ ਖ਼ੁਦ ਰਾਜਪੁਰਾ ਪਹੁੰਚਿਆ ਅਤੇ ਇੱਥੇ, ਹੱਥ ਵਿੱਚ ਨਕਦ ਪੈਸੇ ਦਿੰਦੇ ਹੋਏ ਦਸਤਾਵੇਜ਼ਾਂ ‘ਤੇ ਅੰਗੂਠਾ ਲਗਵਾਇਆ ਸੀ। ਇਸ ਬਾਰੇ ਥਾਣਾ ਸਿਟੀ ਰਾਜਪੁਰਾ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਸਦੀ ਗ੍ਰਿਫਤਾਰੀ ਤੋਂ ਬਾਅਦ ਮੈਨੇਜਰ ਦੀ ਭੂਮਿਕਾ ਸਾਫ਼ ਹੋ ਜਾਵੇਗੀ। ਉਸ ਤੋਂ ਬਾਅਦ ਉਸ ‘ਤੇ ਵੀ ਕਾਰਵਾਈ ਕੀਤੀ ਜਾਵੇਗੀ।