Unlock 1.0 starts today: ਨਵੀਂ ਦਿੱਲੀ: ਦੋ ਮਹੀਨਿਆਂ ਤੋਂ ਵੱਧ ਸਮੇਂ ਦੇ ਲਾਕਡਾਊਨ ਤੋਂ ਬਾਅਦ ਅੱਜ ਦੇਸ਼ ਦੀ ਨਵੀਂ ਸਵੇਰ ਸ਼ੁਰੂਆਤ ਹੋਣ ਜਾ ਰਹੀ ਹੈ । ਹਾਲਾਂਕਿ, ਨਿਯਮਾਂ ਤੋਂ ਛੋਟ ਦੇ ਬਾਅਦ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਇਹ ਛੋਟਾਂ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਦਿੱਤੀਆਂ ਗਈਆਂ ਹਨ । ਜਾਨ ਬਚਾਉਣ ਦੇ ਨਾਲ ਜਹਾਨ ਨੂੰ ਵੀ ਚਲਾਉਣ ਲਈ ਅਨਲਾਕ ਵਨ ਦੀ ਸ਼ੁਰੂਆਤ ਹੋ ਗਈ ਹੈ ।
ਅਨਲਾਕ-1 ‘ਚ ਕੀ-ਕੀ ਖੁੱਲ੍ਹੇਗਾ?
ਅੱਜ ਰੇਲਵੇ ਵੱਲੋਂ 200 ਟ੍ਰੇਨਾਂ ਚਲਾਈਆਂ ਜਾਣਗੀਆਂ, ਜਿਸ ਨਾਲ ਤਕਰੀਬਨ ਡੇਢ ਲੱਖ ਪੈਸੇਂਜਰ ਸਫ਼ਰ ਕਰ ਸਕਣਗੇ । ਇਨ੍ਹਾਂ ਟ੍ਰੇਨਾਂ ਦੀ ਬੁਕਿੰਗ ਪਹਿਲਾਂ ਹੀ ਹੋ ਚੁੱਕੀ ਹੈ । ਦੋ ਮਹੀਨਿਆਂ ਤੋਂ ਇੱਕ ਜਗ੍ਹਾ ‘ਤੇ ਫਸੇ ਲੋਕ ਰਾਜ ਵਿੱਚ ਕਿਤੇ ਵੀ ਜਾ ਸਕਣਗੇ । ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ਦੀ ਆਗਿਆ ਵੀ ਹੋਵੇਗੀ । ਇਸ ਲਈ ਕਿਸੇ ਕਿਸਮ ਦੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ । ਪਰ ਰਾਜਾਂ ਨੂੰ ਇਹ ਅਧਿਕਾਰ ਹੋਵੇਗਾ ਕੀ ਉਹ ਸੰਕ੍ਰਮਣ ਦੇ ਖਤਰੇ ਨੂੰ ਦੇਖਦੇ ਹੋਏ ਕੋਈ ਵੀ ਫੈਸਲਾ ਲੈ ਸਕਦੇ ਹਨ ।
ਲਾਕਡਾਊਨ ਵਿੱਚ ਕਈ ਰਾਜਾਂ ਨੇ ਆਪਣੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਸੀ । ਕੇਂਦਰ ਸਰਕਾਰ ਨੇ ਰਾਜਾਂ ਨੂੰ ਸਰਹੱਦਾਂ ਖੋਲ੍ਹਣ ਦੇ ਆਦੇਸ਼ ਦਿੱਤੇ ਹਨ, ਪਰ ਸ਼ਰਤਾਂ ਨਾਲ । ਜੇ ਰਾਜ ਨੂੰ ਲੱਗਦਾ ਹੈ ਕਿ ਸਰਹੱਦ ਨੂੰ ਸੀਲ ਕਰਨਾ ਜ਼ਰੂਰੀ ਹੈ ਤਾਂ ਉਹ ਸਰਹੱਦ ਨੂੰ ਬੰਦ ਰੱਖ ਸਕਦੇ ਹਨ । ਇਸ ਤੋਂ ਇਲਾਵਾ ਕੁਝ ਰਾਜਾਂ ਵਿੱਚ ਅੱਜ ਤੋਂ ਬੱਸਾਂ ਵੀ ਚਲਾਈਆਂ ਜਾਣਗੀਆਂ ਹਾਲਾਂਕਿ ਇਸਦੇ ਲਈ ਰਾਜਾਂ ਨੂੰ ਨਿਯਮ ਤੈਅ ਕਰਨ ਦਾ ਅਧਿਕਾਰ ਹੈ ।
ਦਰਅਸਲ, ਅਨਲਾਕ-1 ਦੇ ਪਹਿਲੇ ਪੜਾਅ ਵਿੱਚ ਕੇਂਦਰ ਸਰਕਾਰ ਵੱਲੋਂ 8 ਜੂਨ ਨੂੰ ਹੋਟਲ, ਰੈਸਟੋਰੈਂਟ, ਮਾਲ, ਧਾਰਮਿਕ ਸਥਾਨ ਆਦਿ ਨੂੰ ਖੋਲ੍ਹਿਆ ਜਾਵੇਗਾ । ਇਸ ਤੋਂ ਇਲਾਵਾ ਅਨਲਾਕ-1 ਦੇ ਦੂਜੇ ਪੜਾਅ ਦਾ ਫੈਸਲਾ ਜੁਲਾਈ ਵਿੱਚ ਹੋਵੇਗਾ, ਇਸ ਲਈ ਹੁਣ ਸਕੂਲ, ਕਾਲਜ ਨਹੀਂ ਖੋਲ੍ਹੇ ਜਾਣਗੇ । ਕਿਸੇ ਵੀ ਤਰ੍ਹਾਂ ਦੇ ਵਿਦਿਅਕ ਸੰਸਥਾ ‘ਤੇ ਫੈਸਲਾ ਜੁਲਾਈ ਵਿੱਚ ਰਾਜ ਸਰਕਾਰ ਕਰੇਗੀ । ਇਸ ਤੋਂ ਬਾਅਦ ਤੀਜੇ ਪੜਾਅ ਦਾ ਫੈਸਲਾ ਹਾਲਾਤ ਦੇਖ ਕੇ ਕੀਤਾ ਜਾਵੇਗਾ ।
ਦੱਸ ਦੇਈਏ ਕਿ ਅਨਲਾਕ-1 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਟੇਨਮੈਂਟ ਜ਼ੋਨ ਵਿੱਚ ਇਹ ਲਾਕਡਾਊਨ 30 ਜੂਨ ਤੱਕ ਜਾਰੀ ਰਹੇਗਾ। ਕੰਟੇਨਮੈਂਟ ਜ਼ੋਨ ਵਿੱਚ ਸਿਰਫ ਜ਼ਰੂਰੀ ਸੇਵਾਵਾਂ ਦੀ ਆਗਿਆ ਹੋਵੇਗੀ । ਰਾਜ ਦੀਆਂ ਸਰਕਾਰਾਂ ਜ਼ਰੂਰਤ ਅਨੁਸਾਰ ਕੰਟੇਨਮੈਂਟ ਜ਼ੋਨ ਦੇ ਬਾਹਰ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾ ਸਕਦੀਆਂ ਹਨ । ਇਸ ਦੌਰਾਨ ਲੋਕਾਂ ਨੂੰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਘਰੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ । ਇਸ ਤੋਂ ਇਲਾਵਾ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਰਹਿਣ ਲਈ ਨਿਰਦੇਸ਼ ਹਨ ।