US Coronavirus update: ਵਾਸ਼ਿੰਗਟਨ: ਪੂਰੀ ਦੁਨੀਆ ਜਿੱਥੇ ਇੱਕ ਪਾਸੇ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ, ਉੱਥੇ ਹੀ ਅਮਰੀਕਾ ਇਸ ਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਝੱਲ ਰਿਹਾ ਹੈ । ਅਮਰੀਕਾ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਅਮਰੀਕਾ ਵਿੱਚ ਕੋਵਿਡ -19 ਕਾਰਨ ਰੋਜ਼ਾਨਾ 2000 ਲੋਕਾਂ ਦੀ ਮੌਤ ਹੋ ਰਹੀ ਹੈ। ਸ਼ਨੀਵਾਰ ਨੂੰ ਇੱਥੇ 25,524 ਨਵੇਂ ਕੇਸ ਸਾਹਮਣੇ ਆਏ ਅਤੇ 1,422 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ । ਇਸ ਤੋਂ ਇੱਕ ਦਿਨ ਪਹਿਲਾਂ ਇੱਥੇ 29,043 ਨਵੇਂ ਕੇਸ ਸਾਹਮਣੇ ਆਏ ਸਨ, ਜਦਕਿ 1,671 ਲੋਕਾਂ ਦੀ ਮੌਤ ਹੋ ਗਈ ਸੀ ।
ਦੱਸ ਦੇਈਏ ਕਿ ਪੂਰੀ ਦੁਨੀਆ ਵਿੱਚ ਲਗਭਗ ਇੱਕ ਤਿਹਾਈ ਮਰੀਜ਼ ਅਮਰੀਕਾ ਵਿੱਚ ਹਨ. ਇੱਥੇ 13 ਲੱਖ ਤੋਂ ਵੱਧ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਨ । ਅਮਰੀਕਾ ਦੇ ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । ਵਰਲਡਮੀਟਰ ਅਨੁਸਾਰ ਐਤਵਾਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 13 ਲੱਖ 47 ਹਜ਼ਾਰ 309 ਹੋ ਗਈ । ਉੱਥੇ ਹੀ 80,037 ਵਿਅਕਤੀਆਂ ਦੀ ਮੌਤ ਹੋ ਗਈ ਹੈ । ਹਾਲਾਂਕਿ 2 ਲੱਖ 38 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ ।
ਅਮਰੀਕਾ ਦੇ ਨਿਊਯਾਰਕ ਵਿੱਚ ਸਭ ਤੋਂ ਵੱਧ 343,409 ਮਾਮਲੇ ਸਾਹਮਣੇ ਆਏ ਹਨ । ਨਿਊਯਾਰਕ ਵਿੱਚ ਹੁਣ ਤੱਕ 26,771 ਲੋਕਾਂ ਦੀ ਮੌਤ ਹੋਈ ਹੈ । ਇਸ ਤੋਂ ਬਾਅਦ ਨਿਊਜਰਸੀ ਵਿੱਚ 138,579 ਕੋਰੋਨਾ ਮਰੀਜ਼ਾਂ ਵਿੱਚੋਂ 9,118 ਲੋਕਾਂ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਮੈਸੇਚਿਉਸੇਟਸ, ਇਲੀਨੋਇਸ ਵੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ।
ਦੱਸ ਦੇਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਨਾਲ ਨਜਿੱਠਣ ਦੇ ਤਰੀਕੇ ਦੀ ਸਖ਼ਤ ਆਲੋਚਨਾ ਕੀਤੀ ਹੈ । ਓਬਾਮਾ ਨੇ ਆਪਣੇ ਸਾਬਕਾ ਪ੍ਰਸ਼ਾਸਨ ਦੇ ਮੈਂਬਰਾਂ ਨਾਲ ਗੱਲਬਾਤ ਵਿੱਚ ਇਹ ਵੀ ਕਿਹਾ ਹੈ ਕਿ ਟਰੰਪ ਦੇ ਪਹਿਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਲਾਈਨ ਦੇ ਨਿਆਂ ਮੰਤਰਾਲੇ ਦੁਆਰਾ ਅਪਰਾਧਿਕ ਕੇਸ ਦੀ ਸਮਾਪਤੀ “ਕਾਨੂੰਨ ਦੇ ਸ਼ਾਸਨ ਦੀ ਬੁਨਿਆਦੀ ਸਮਝ ਨੂੰ ਖਤਰਾ ਹੈ।”