ਅਪਰਾਧੀਆਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਸੀਆਈਏ ਸਟਾਫ ਨੇ ਉਤਰਾਖੰਡ ਦੇ ਰੁੜਕੀ ਤੋਂ ਪੰਜਾਬ ਜਾਣ ਵਾਲੇ ਹਥਿਆਰਾਂ ਦੀ ਤਸਕਰੀ ਦੇ ਇੱਕ ਨੈਟਵਰਕ ਦਾ ਪਰਦਾਫਾਸ਼ ਕੀਤਾ ਅਤੇ ਜੇਲ੍ਹ ਵਿੱਚ ਗੈਂਗਸਟਰਾਂ ਦੇ ਇਸ਼ਾਰੇ ’ਤੇ ਕੰਮ ਕਰਨ ਵਾਲੇ ਤਿੰਨ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਫਗਵਾੜਾ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੀਆਈਏ ਫਗਵਾੜਾ ਦੇ ਇੰਚਾਰਜ ਐਸਆਈ ਸਿਕੰਦਰ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਉੱਤਰਾਖੰਡ ਦਾ ਰਹਿਣ ਵਾਲਾ ਅਰਸ਼ਦ ਸਲਮਾਨੀ ਆਪਣੇ ਸਾਥੀਆਂ ਸਮੇਤ ਜੇਲ੍ਹਾਂ ਵਿੱਚ ਬੰਦ ਕੁਝ ਗੈਂਗਸਟਰਾਂ ਨਾਲ ਸੰਪਰਕ ਕਰ ਰਿਹਾ ਹੈ ਅਤੇ ਫਗਵਾੜਾ ਵੱਲ ਐਕਟਿਵਾ ’ਤੇ ਜਾਂ ਤਾਂ ਗੈਂਗਸਟਰਾਂ ਨੂੰ ਹਥਿਆਰਾਂ ਨਾਲ ਸਪਲਾਈ ਜਾਂ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਆ ਰਿਹਾ ਹੈ।
ਐਸਐਸਪੀ ਖੱਖ ਨੇ ਦੱਸਿਆ ਕਿ ਸੀਆਈਏ ਅਤੇ ਸਦਰ ਥਾਣਾ ਫਗਵਾੜਾ ਦੀਆਂ ਸਾਂਝੀਆਂ ਪੁਲਿਸ ਟੀਮਾਂ ਨੇ ਤੁਰੰਤ ਇੱਕ ਵਿਸ਼ੇਸ਼ ਚੈਕਿੰਗ ਕੀਤੀ। ਜਦੋਂ ਅਪਰਾਧੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਹੈ।
ਮੁੱਢਲੀ ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਇਸ ਗਿਰੋਹ ਦੀ ਅਗਵਾਈ ਅਰਸ਼ਦ ਸਲਮਾਨੀ ਕਰ ਰਿਹਾ ਸੀ ਅਤੇ ਉਹ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਅਮਨਦੀਪ ਸਿੰਘ ਬੱਬੂ ਦੇ ਕਹਿਣ ’ਤੇ ਰੁੜਕੀ ਤੋਂ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ। ਐਸਐਸਪੀ ਨੇ ਦੱਸਿਆ ਕਿ ਉਨ੍ਹਾਂ ਖਿਲਾਫ ਥਾਣਾ ਸਦਰ ਫਗਵਾੜਾ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ‘ਤੇ ਵਿਰੋਧੀਆਂ ਦੀ ਪ੍ਰਤੀਕਿਰਿਆ- ‘ਆਪ’ ਨੇ ਕਿਹਾ- ਕਾਂਗਰਸੀਆਂ ਦੀ ਅਸਲੀਅਤ ਆਈ ਸਾਹਮਣੇ, ਭਾਜਪਾ ਨੇ ਕੀਤੀ ਟਿੱਚਰ
ਉਨ੍ਹਾਂ ਕਿਹਾ ਕਿ ਪੁਲਿਸ ਫੜੇ ਗਏ ਮੁਲਜ਼ਮਾਂ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕਰੇਗੀ ਅਤੇ ਜਾਂਚ ਤੋਂ ਬਾਅਦ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ। ਇਸ ਤੋਂ ਇਲਾਵਾ ਅਮਨਦੀਪ ਸਿੰਘ ਬੱਬੂ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਹੁਸ਼ਿਆਰਪੁਰ ਜੇਲ੍ਹ ਤੋਂ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।